July 2, 2024 6:17 pm
accident

ਪੰਜਾਬ ਸਰਕਾਰ ਨੇ ਨਵੇਂ ਸਾਲ ‘ਤੇ ਅੱਠ IAS ਅਧਿਕਾਰੀਆਂ ਨੂੰ ਦਿੱਤੀ ਤਰੱਕੀ

ਚੰਡੀਗੜ੍ਹ, 01 ਜਨਵਰੀ 2024: ਪੰਜਾਬ ਸਰਕਾਰ (Punjab government) ਨੇ ਪੰਜਾਬ ਦੇ 5 ਆਈਏਐਸ ਅਫ਼ਸਰਾਂ ਨੂੰ ਵਧੀਕ ਮੁੱਖ ਸਕੱਤਰ ਦੇ ਅਹੁਦੇ ‘ਤੇ ਤਰੱਕੀ ਦੇ ਦਿੱਤੀ ਹੈ। ਸਰਕਾਰ ਨੇ ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ 1994 ਬੈਚ ਦੇ ਪੰਜ ਆਈਏਐਸ ਅਧਿਕਾਰੀਆਂ ਵਿਕਾਸ ਪ੍ਰਤਾਪ ਸਿੰਘ, ਆਲੋਕ ਸ਼ੇਖਰ, ਧੀਰੇਂਦਰ ਕੁਮਾਰ ਤਿਵਾੜੀ, ਜੇ.ਐਮ ਬਾਲਾਮੁਰੂਗਨ ਅਤੇ ਤੇਜਵੀਰ ਸਿੰਘ ਨੂੰ ਵਧੀਕ ਮੁੱਖ ਸਕੱਤਰ ਵਜੋਂ ਤਰੱਕੀ ਦਿੱਤੀ ਹੈ। ਇਨ੍ਹਾਂ ਵਿੱਚੋਂ ਧੀਰੇਂਦਰ ਕੁਮਾਰ ਤਿਵਾੜੀ ਨੂੰ ਦਿੱਤੀ ਗਈ ਤਰੱਕੀ 28 ਜਨਵਰੀ, 2024 ਤੋਂ ਲਾਗੂ ਹੋਵੇਗੀ, ਜਦਕਿ ਬਾਕੀ ਚਾਰ ਅਧਿਕਾਰੀਆਂ ਦੀ ਤਰੱਕੀ 1 ਜਨਵਰੀ, 2024 ਤੋਂ ਲਾਗੂ ਹੈ।

ਹੁਕਮਾਂ ਮੁਤਾਬਕ ਫਿਲਹਾਲ ਉਪਰੋਕਤ ਪੰਜੇ ਅਧਿਕਾਰੀ ਆਪਣੀ ਮੌਜੂਦਾ ਡਿਊਟੀ ‘ਤੇ ਬਣੇ ਰਹਿਣਗੇ। ਹਾਲਾਂਕਿ, ਤਰੱਕੀ ਦੇ ਨਾਲ ਲਾਗੂ ਕੀਤਾ ਗਿਆ ਨਵਾਂ ਤਨਖਾਹ ਸਕੇਲ ਉਨ੍ਹਾਂ ਲਈ ਤਰੱਕੀ ਦੀ ਮਿਤੀ ਤੋਂ ਲਾਗੂ ਹੋ ਜਾਵੇਗਾ। ਅਲੋਕ ਸ਼ੇਖਰ, ਜੋ ਇਸ ਸਮੇਂ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਹਨ, ਉਨ੍ਹਾਂ ਨੂੰ ਤਰੱਕੀ ਦੇ ਰੂਪ ਵਿੱਚ ਅਸਲ ਲਾਭ ਉਦੋਂ ਹੀ ਮਿਲੇਗਾ ਜਦੋਂ ਉਹ ਡੈਪੂਟੇਸ਼ਨ ਤੋਂ ਵਾਪਸ ਆ ਕੇ ਰਾਜ ਸਰਕਾਰ ਦੀ ਸੇਵਾ ਵਿੱਚ ਸ਼ਾਮਲ ਹੋਣਗੇ।

ਇਸਦੇ ਨਾਲ ਹੀ ਪੰਜਾਬ ਸਰਕਾਰ (Punjab government) ਨੇ ਐਤਵਾਰ ਨੂੰ 1994 ਬੈਚ ਦੇ ਪੰਜ ਆਈਏਐਸ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ 1999 ਬੈਚ ਦੇ ਤਿੰਨ ਹੋਰ ਆਈਏਐਸ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ।

ਇਨ੍ਹਾਂ ਅਧਿਕਾਰੀਆਂ ਦੇ ਨਾਂ ਹਨ- ਭਾਵਨਾ ਗਰਗ, ਨੀਲਕੰਦ ਐੱਸ. ਅਵਾਦ ਅਤੇ ਅਜੋਏ ਸ਼ਰਮਾ। ਇਨ੍ਹਾਂ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ/ਵਿੱਤ ਕਮਿਸ਼ਨਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਭਾਵਨਾ ਗਰਗ ਜੋ ਇਸ ਸਮੇਂ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਕੰਮ ਕਰ ਰਹੀ ਹੈ, ਨੂੰ ਡੈਪੂਟੇਸ਼ਨ ਤੋਂ ਵਾਪਸ ਆ ਕੇ ਰਾਜ ਸਰਕਾਰ ਦੀ ਸੇਵਾ ਵਿੱਚ ਜੁਆਇਨ ਕਰਨ ਤੋਂ ਬਾਅਦ ਹੀ ਤਰੱਕੀ ਦੇ ਸਾਰੇ ਲਾਭ ਮਿਲਣਗੇ। ਬਾਕੀ ਦੋ ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ 1 ਜਨਵਰੀ 2024 ਤੋਂ ਲਾਗੂ ਹੋਵੇਗੀ।