budget

ਪੰਜਾਬ ਸਰਕਾਰ ਵੱਲੋਂ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ ਪੇਸ਼, ਕੋਈ ਨਵਾਂ ਟੈਕਸ ਨਹੀਂ ਜੋੜਿਆ

ਚੰਡੀਗੜ੍ਹ, 5 ਮਾਰਚ 2024: ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਬਜਟ (budget) ਪੇਸ਼ ਕਰ ਦਿੱਤਾ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਹੈ। ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਇਸ ਦੇ ਨਾਲ ਹੀ ਬਜਟ ਤੋਂ ਪਹਿਲਾਂ ਕਾਂਗਰਸ ਨੇ ਵਿਧਾਨ ਸਭਾ ਦੇ ਬਾਹਰ ਹੰਗਾਮਾ ਕੀਤਾ। ਉਨ੍ਹਾਂ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ੇ ਦਾ ਮੁੱਦਾ ਚੁੱਕਿਆ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਵਿਧਾਇਕ ਕੋਟਲੀ ਬਾਰੇ ਕਹੇ ਸ਼ਬਦਾਂ ਦੀ ਨਿਖੇਧੀ ਕੀਤੀ।

ਬਜਟ (budget) ਭਾਸ਼ਣ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਖੇਤੀ ਲਈ 13 ਹਜ਼ਾਰ 784 ਕਰੋੜ ਰੁਪਏ ਦਾ ਬਜਟ ਰੱਖਿਆ। ਉਨ੍ਹਾਂ ਸਕੂਲੀ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ। ਇਸ ਤੋਂ ਇਲਾਵਾ ਸੀ.ਐਮ.ਭਗਵੰਤ ਮਾਨ ਨੇ ਖੇਤਾਂ ਅਤੇ ਘਰਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਖਾਸ ਗੱਲ ਇਹ ਹੈ ਕਿ ਇਸ ਸਾਲ ‘ਆਪ’ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਜੋੜਿਆ ਹੈ।

ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਵਿਕਾਸ ਦਰ 13 ਫੀਸਦੀ ਰਹਿਣ ਬਾਰੇ ਦੱਸਿਆ। ਇਸ ਦੇ ਨਾਲ ਹੀ ਇਸ ਸਾਲ ਸਿੱਖਿਆ ਲਈ 11.5 ਫੀਸਦੀ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ, ਜੋ ਕਿ ਲਗਭਗ 16 ਹਜ਼ਾਰ 987 ਕਰੋੜ ਰੁਪਏ ਹੈ। ਤਕਨੀਕੀ ਸਿੱਖਿਆ ਲਈ 525 ਕਰੋੜ ਰੁਪਏ ਅਤੇ ਉੱਚ ਸਿੱਖਿਆ ਲਈ 80 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਰਕਾਰ ਖੇਡਾਂ ਲਈ 272 ਕਰੋੜ ਰੁਪਏ ਖਰਚ ਕਰੇਗੀ। ਸਿਹਤ ਲਈ 5264 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਸਰਕਾਰ ਇਸ ਸਾਲ ਵੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਬੀਬੀਆਂ ਲਈ ਮੁਫ਼ਤ ਬੱਸ ਸਕੀਮ, ਕਿਸਾਨਾਂ ਲਈ ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਜਾਰੀ ਰੱਖੇਗੀ।

Scroll to Top