ਪੰਜਾਬ 03 ਅਕਤੂਬਰ 2025: ਪੰਜਾਬ ਸਰਕਾਰ ਨੇ ਸੂਬੇ ਨੂੰ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਸਥਾਪਿਤ ਕਰਨ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ‘ਚ ਐਲਾਨ ਕੀਤਾ ਕਿ ਪਠਾਨਕੋਟ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ‘ਚ ਵਿਸ਼ਵ-ਪੱਧਰੀ ਸੈਰ-ਸਪਾਟਾ ਸਥਾਨ ਵਿਕਸਤ ਕੀਤੇ ਜਾ ਰਹੇ ਹਨ, ਜਦੋਂ ਕਿ ਅੰਮ੍ਰਿਤਸਰ ਅਤੇ ਮੋਹਾਲੀ ਨੂੰ ਵੀ ਆਧੁਨਿਕ ਸੈਰ-ਸਪਾਟਾ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਸੈਰ-ਸਪਾਟਾ ਉਦਯੋਗ ਦਾ ਇੱਕ ਪ੍ਰਮੁੱਖ ਕੇਂਦਰ ਬਣ ਜਾਵੇਗਾ।
ਪੰਜਾਬ ਸਰਕਾਰ ਨੇ ਸੈਰ-ਸਪਾਟਾ-ਮਨੋਰੰਜਨ ਉਦਯੋਗ ਨੂੰ ਹੁਲਾਰਾ ਦੇਣ ਲਈ ਉਦਯੋਗਪਤੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ‘ਚ ਇੱਕ ਅਤਿ-ਆਧੁਨਿਕ ਫਿਲਮ ਸਿਟੀ ਸਥਾਪਤ ਕਰਨ ਦੀ ਤਿਆਰੀ ਹੈ, ਜੋ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਲਈ ਨਵਾਂ ਕੇਂਦਰ ਬਣ ਸਕਦੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਇੱਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਵੀ ਕੀਤਾ ਜਾਵੇਗ |
ਪੰਜਾਬ ਸਰਕਾਰ ਮੁਤਾਬਕ ਪਿਛਲੇ ਤਿੰਨ ਸਾਲਾਂ ‘ਚ ਕਈਂ ਕਦਮ ਚੁੱਕੇ ਹਨ, 2024-25 ‘ਚ 73 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਪੰਜਾਬ ਹੁਣ ਭਾਰਤ ਦੇ ਚੋਟੀ ਦੇ ਸੈਰ-ਸਪਾਟਾ ਸੂਬਿਆਂ ਦੀ ਦੌੜ ‘ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬ ਸਰਕਾਰ ਨੇ “ਪੰਜਾਬ ਟੂਰਿਜ਼ਮ ਐਂਡ ਹੈਰੀਟੇਜ ਅਥਾਰਟੀ ਐਕਟ, 2025” ਦਾ ਪਾਸ ਹੋਣ ਨੂੰ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਿਆ ਹੈ | ਸਰਕਾਰ ਮੁਤਾਬਕ ਇਸ ਅਥਾਰਟੀ ਰਾਹੀਂ ਨਿੱਜੀ ਨਿਵੇਸ਼ਕਾਂ ਨੂੰ ਸਿੰਗਲ-ਵਿੰਡੋ ਕਲੀਅਰੈਂਸ ਮਿਲੇਗੀ, ਜਦੋਂ ਕਿ ਸਥਾਨਕ ਭਾਈਚਾਰਿਆਂ ਨੂੰ ਸੈਰ-ਸਪਾਟਾ ਮਾਲੀਏ ‘ਚ ਸਿੱਧੀ ਹਿੱਸੇਦਾਰੀ ਮਿਲੇਗੀ।
ਸਰਕਾਰ ਮੁਤਾਬਕ ਖਟਕੜ ਕਲਾਂ ਸਥਿਤ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਵਿਸ਼ਵ-ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਹੈ, ਜਿੱਥੇ 3D ਹੋਲੋਗ੍ਰਾਮ ਅਤੇ ਇੰਟਰਐਕਟਿਵ ਡਿਸਪਲੇਅ ਰਾਹੀਂ ਆਜ਼ਾਦੀ ਦੀ ਲੜਾਈ ਨੂੰ ਜੀਵੰਤ ਕੀਤਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ‘ਚ ਸਾਰਾਗੜ੍ਹੀ ਮਿਊਜ਼ੀਅਮ 21 ਸਿੱਖ ਸੈਨਿਕਾਂ ਦੀ ਵੀਰਗਾਥਾ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਤੱਕ ਪਹੁੰਚਾ ਰਿਹਾ ਹੈ। ਸੂਬਾ ਸਰਕਾਰ ਮੁਤਾਬਕ ਜਲ੍ਹਿਆਂਵਾਲਾ ਬਾਗ, ਕਿਲਾ ਮੁਬਾਰਕ (ਪਟਿਆਲਾ) ਅਤੇ ਹੋਰ ਇਤਿਹਾਸਕ ਸਥਾਨਾਂ ਦਾ ਵੀ ਆਧੁਨਿਕੀਕਰਨ ਕੀਤਾ ਜਾ ਚੁੱਕਾ ਹੈ, ਜਿਸ ਨਾਲ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ‘ਚ ਵਾਧਾ ਦੇਖਿਆ ਗਿਆ ਹੈ।
ਪਠਾਨਕੋਟ ਅਤੇ ਆਸ-ਪਾਸ ਦੇ ਪਹਾੜੀ ਖੇਤਰਾਂ ਨੂੰ ਪੰਜਾਬ ਸਰਕਾਰ ਨੇ ‘ਹਿਮਾਲੀਅਨ ਗੇਟਵੇ ਆਫ਼ ਪੰਜਾਬ’ ਵਜੋਂ ਵਿਕਸਤ ਕਰਨ ਦਾ ਟੀਚਾ ਮਿੱਥਿਆ ਹੈ। ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਡੈਮ ਨੂੰ ਐਡਵੈਂਚਰ ਟੂਰਿਜ਼ਮ ਹੱਬ ‘ਚ ਬਦਲਿਆ ਜਾ ਰਿਹਾ ਹੈ, ਜਿੱਥੇ ਜੈੱਟ-ਸਕੀਇੰਗ, ਕਾਈਟ ਸਰਫਿੰਗ, ਜ਼ਿਪ-ਲਾਈਨਿੰਗ ਅਤੇ ਲਗਜ਼ਰੀ ਫਲੋਟਿੰਗ ਰਿਜ਼ੋਰਟ ਵਰਗੀਆਂ ਸਹੂਲਤਾਂ ਉਪਲਬੱਧ ਹਨ। ਕੰਢੀ ਜ਼ਿਲ੍ਹੇ (ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ) ‘ਚ ਸ਼ਿਵਾਲਿਕ ਪਹਾੜੀਆਂ ‘ਚ 15 ਨਵੇਂ ਟ੍ਰੈਕਿੰਗ ਰੂਟ, ਜੰਗਲ ਸਫ਼ਾਰੀ, ਕੈਂਪਿੰਗ ਸਾਈਟਾਂ ਅਤੇ ਪੇਂਡੂ ਹੋਮਸਟੇ ਵਿਕਸਤ ਕੀਤੇ ਹਨ।
ਚਮਰੋਡ ਪੋਰਟ (ਅੰਮ੍ਰਿਤਸਰ) ‘ਚ ਮੋਟਰ ਪੈਰਾਗਲਾਈਡਿੰਗ ਅਤੇ ਹੌਟ-ਏਅਰ ਬੈਲੂਨ ਰਾਈਡਜ਼ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਵਾਟਰ ਸਪੋਰਟਸ, ਰਾਕ ਕਲਾਈਬਿੰਗ, ਸਾਈਕਲਿੰਗ ਟਰੈਕ ਅਤੇ ਨੇਚਰ ਟਰੇਲਜ਼ ਵਿਕਸਤ ਕੀਤੇ ਜਾ ਰਹੇ ਹਨ।
ਗੁਰਦਾਸਪੁਰ ਦੇ ਨਵਾਂਪਿੰਡ ਸਰਦਾਰਾਂ ਨੂੰ ਭਾਰਤ ਦਾ ਬੈਸਟ ਟੂਰਿਜ਼ਮ ਵਿਲੇਜ 2023 ਘੋਸ਼ਿਤ ਕੀਤਾ ਗਿਆ, ਜਦੋਂ ਕਿ ਫਤਿਹਗੜ੍ਹ ਸਾਹਿਬ ਦੇ ਹੰਸਾਲੀ ਫਾਰਮਸਟੇ ਨੇ ਐਗਰੀ-ਟੂਰਿਜ਼ਮ ‘ਚ ਰਾਸ਼ਟਰੀ ਪੁਰਸਕਾਰ ਜਿੱਤਿਆ। ਹੁਣ 50 ਤੋਂ ਵੱਧ ਪਿੰਡਾਂ ਨੂੰ ਟੂਰਿਜ਼ਮ ਵਿਲੇਜ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ।
ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਮੰਚ ਦੇਣ ਲਈ ਸਰਕਾਰ ਨੇ 2025 ‘ਚ ਕਈ ਵੱਡੇ ਸਮਾਗਮ ਕੀਤੇ। ਫਿਰੋਜ਼ਪੁਰ ਦਾ ਬਸੰਤ ਮੇਲਾ, ਕਿਲਾ ਰਾਏਪੁਰ ਗ੍ਰਾਮੀਣ ਓਲੰਪਿਕਸ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ।
ਡਿਜੀਟਲ ਯੁੱਗ ‘ਚ ਸੈਰ-ਸਪਾਟੇ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਸਰਕਾਰ ਨੇ ਨਵੀਂ ਟੂਰਿਜ਼ਮ ਐਪ ਲਾਂਚ ਕੀਤੀ ਹੈ, ਜਿਸ ‘ਚ ਹੋਟਲ ਬੁਕਿੰਗ, ਟ੍ਰਾਂਸਪੋਰਟ, ਟੂਰ ਗਾਈਡਾਂ, ਸਮਾਗਮਾਂ ਅਤੇ ਐਮਰਜੈਂਸੀ ਸੇਵਾਵਾਂ ਦੀ ਪੂਰੀ ਜਾਣਕਾਰੀ ਇੱਕੋ ਪਲੇਟਫਾਰਮ ‘ਤੇ ਉਪਲਬੱਧ ਹੈ।
ਪੰਜਾਬ ਸਰਕਾਰ ਨੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ‘ਤੇ Wi-Fi, ਸਮਾਰਟ ਟਾਇਲਟ, ਸੈਲਫੀ ਪੁਆਇੰਟ ਅਤੇ ਇਨਫੋ ਕਿਓਸਕ ਦੀ ਵੀ ਵਿਵਸਥਾ ਕੀਤੀ ਹੈ। ਪੰਜਾਬ ਸਰਕਾਰ ਦਾ ਟੀਚਾ ਹੈ ਕਿ ਅਗਲੇ ਤਿੰਨ ਸਾਲਾਂ ‘ਚ ਸੂਬੇ ਨੂੰ ਨਾ ਸਿਰਫ਼ ਭਾਰਤ ਦੇ ਚੋਟੀ ਦੇ ਸੈਰ-ਸਪਾਟਾ ਸੂਬਿਆਂ ‘ਚ ਸ਼ਾਮਲ ਕਰਨਾ ਹੈ |
Read More: ‘ਉੱਨਤ ਕਿਸਾਨ’ ਐਪ ’ਤੇ ਕਿਸਾਨ ਘਰ ਬੈਠੇ ਹੀ ਬੁੱਕ ਕਰ ਸਕਦੇ ਹਨ ਮਸ਼ੀਨਾਂ: ਗੁਰਮੀਤ ਸਿੰਘ ਖੁੱਡੀਆਂ