ਚੰਡੀਗੜ੍ਹ, 28 ਮਾਰਚ 2025: ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਸਰਕਾਰ ਦੀ ਯੋਜਨਾ ਸਾਰੇ ਮਨਰੇਗਾ ਮਜ਼ਦੂਰਾਂ ਨੂੰ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ (BOC Welfare Board) ‘ਚ ਸ਼ਾਮਲ ਕਰਨ ਦੀ ਹੈ।
ਵਿਧਾਨ ਸਭਾ ‘ਚ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 28 ਮਾਰਚ, 2025 ਤੱਕ ਕੁੱਲ 11,16,651 ਉਸਾਰੀ ਕਾਮੇ ਬੀਓਸੀ ਭਲਾਈ ਬੋਰਡ (BOC Welfare Board) ਨਾਲ ਰਜਿਸਟਰਡ ਹਨ, ਜਦੋਂ ਕਿ 1 ਜਨਵਰੀ, 2022 ਨੂੰ ਇਹ ਗਿਣਤੀ 9,63,699 ਸੀ। ਇਸ ਤਰ੍ਹਾਂ, ਪਿਛਲੇ ਸਾਢੇ ਤਿੰਨ ਸਾਲਾਂ ‘ਚ 1,52,953 ਹੋਰ ਉਸਾਰੀ ਕਾਮੇ ਕਿਰਤੀ ਬੋਰਡ ਨਾਲ ਜੋੜੇ ਗਏ ਹਨ | ਕਿਰਤ ਮੰਤਰੀ ਨੇ ਦੱਸਿਆ ਕਿ ਬੋਰਡ ‘ਚ ਰਜਿਸਟ੍ਰੇਸ਼ਨ ਲਈ, ਕਾਮਿਆਂ ਨੂੰ ਅਰਜ਼ੀ ਦੇਣੀ ਪਵੇਗੀ ਅਤੇ 145 ਰੁਪਏ ਫੀਸ ਜਮ੍ਹਾਂ ਕਰਾਉਣੀ ਪਵੇਗੀ।
ਕਿਰਤ ਮੰਤਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਰਜਿਸਟਰਡ ਕਾਮਿਆਂ ਦੀ ਗਿਣਤੀ ਵਧਾਉਣ ਲਈ, ਬੋਰਡ ਵੱਲੋਂ ਸਮੇਂ-ਸਮੇਂ ‘ਤੇ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ‘ਚ ਉਸਾਰੀ ਕਾਮਿਆਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਰਜਿਸਟ੍ਰੇਸ਼ਨ ਤੋਂ ਬਾਅਦ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਬੋਰਡ ਨੇ ਪੰਜਾਬ ਕਿਰਤੀ ਸਹਾਇਕ ਮੋਬਾਇਲ ਐਪ ਵੀ ਬਣਾਈ ਹੈ, ਜਿਸ ਰਾਹੀਂ ਕਾਮੇ ਬਿਨਾਂ ਕਿਸੇ ਦਫ਼ਤਰ ‘ਚ ਜਾਏ ਆਪਣੇ ਘਰ ਤੋਂ ਹੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
Read More: ਪੰਜਾਬ ‘ਚ 52 ਕਿਰਤ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ: ਤਰੁਨਪ੍ਰੀਤ ਸਿੰਘ ਸੌਂਦ




