ਹੜ੍ਹ ਪ੍ਰਬੰਧਨ ਤਕਨੀਕ

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਬੰਧਨ ਤਕਨੀਕਾਂ ਦਾ ਅਧਿਐਨ ਕਰਨ ਵਿਸ਼ੇਸ਼ ਕਮੇਟੀ ਬਣਾਉਣ ਦੇ ਹੁਕਮ

ਚੰਡੀਗੜ੍ਹ, 25 ਅਕਤੂਬਰ 2025: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੂਜੇ ਸੂਬਿਆਂ ਦਾ ਦੌਰਾ ਕਰਕੇ ਉੱਥੋਂ ਦੀਆਂ ਕਿਫ਼ਾਇਤੀ ਤੇ ਹੜ੍ਹ ਪ੍ਰਬੰਧਨ ਤਕਨੀਕਾਂ ਦਾ ਅਧਿਐਨ ਕਰਨ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਵਿਸ਼ੇਸ਼ ਕਮੇਟੀ ਗਠਤ ਕਰਨ ਦੇ ਨਿਰਦੇਸ਼ ਦਿੱਤੇ ਹਨ | ਪੰਜਾਬ ਸਰਕਾਰ ਮੁਤਾਬਕ ਤਾਂ ਜੋ ਉਨ੍ਹਾਂ ਤਕਨੀਕਾਂ ਨੂੰ ਪੰਜਾਬ ਦੇ ਅਨੁਕੂਲ ਵਾਤਾਵਰਣ ਅਨੁਸਾਰ ਅਪਣਾਇਆ ਜਾ ਸਕੇ।

ਬਰਿੰਦਰ ਕੁਮਾਰ ਗੋਇਲ ਨੇ ਬੀਤੇ ਦਿਨ ਸਿੰਜਾਈ ਭਵਨ ਦੇ ਕਮੇਟੀ ਰੂਮ ਵਿਖੇ ਉੱਚ-ਪੱਧਰੀ ਬੈਠਕ ਦੌਰਾਨ ਕਿਹਾ ਕਿ ਅਜਿਹੇ ਤੁਲਨਾਤਮਕ ਅਧਿਐਨ ਪੰਜਾਬ ਦੇ ਹੜ੍ਹ ਪ੍ਰਬੰਧਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਫ਼ੀ ਲਾਹੇਵੰਦ ਅਤੇ ਵਿਹਾਰਕ ਤਰੀਕੇ ਅਪਣਾਉਣ ‘ਚ ਸਹਾਇਤਾ ਕਰਨਗੇ। ਅਗਲੇ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਸਾਰੇ ਹੜ੍ਹ ਸੁਰੱਖਿਆ ਅਤੇ ਗਾਰ ਕੱਢਣ ਸਬੰਧੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਨੇ ਸੂਬੇ ਭਰ ‘ਚ ਹੜ੍ਹ ਰੋਕਥਾਮ ਅਤੇ ਜਲ ਪ੍ਰਬੰਧਨ ਲਈ ਚੱਲ ਰਹੇ ਅਤੇ ਪ੍ਰਸਤਾਵਿਤ ਉਪਾਵਾਂ ਦੀ ਵੀ ਸਮੀਖਿਆ ਕੀਤੀ।

ਕੈਬਨਿਟ ਮੰਤਰੀ ਨੇ ਬਾਊਪੁਰ ਆਈਲੈੰਡ ਵਿਖੇ ਵਾਰ-ਵਾਰ ਆਉਂਦੇ ਹੜ੍ਹਾਂ ਅਤੇ ਸਥਾਨਕ ਲੋਕਾਂ ਨੂੰ ਮੁਸ਼ਿਕਲਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਸਥਾਈ ਰਾਹਤ ਪ੍ਰਦਾਨ ਕਰਨ ਲਈ ਢੁਕਵੇਂ ਤਕਨੀਕੀ ਹੱਲ ਲੱਭਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਪਾਣੀ ਭਰੇ ਇਲਾਕਿਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਥਾਈ ਹੱਲ ਯਕੀਨੀ ਬਣਾਉਣ ਲਈ ਦੀਰਘਕਾਲੀ ਪ੍ਰਾਜੈਕਟਾਂ ਦੀ ਯੋਜਨਾ ਉਲੀਕਣ ਅਤੇ ਲਾਗੂ ਕਰਨ ਲਈ ਕਿਹਾ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖੇਤਰ ‘ਚ ਚਲ ਰਹੇ ਕੰਮਾਂ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਟੈਂਡਰ ਪ੍ਰਕਿਰਿਆਵਾਂ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।

ਗਾਰ ਕੱਢਣ ਸਬੰਧੀ ਪ੍ਰੋਗਰਾਮ ‘ਤੇ ਚਰਚਾ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਦਰਿਆਵਾਂ ਅਤੇ ਡਰੇਨਾਂ ‘ਚ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤੇ ਜਾਣ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਦਰਿਆਵਾਂ ਦੇ ਰਾਹ ‘ਚ ਉੱਗੇ ਪੌਦਿਆਂ ਅਤੇ ਹੋਰ ਰੁਕਾਵਟਾਂ ਨੂੰ ਬਿਨਾਂ ਦੇਰੀ ਦੇ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤੇ ਹਨ।

Read More: ਹਰਭਜਨ ਸਿੰਘ ਈਟੀਓ ਵੱਲੋਂ ਸੜਕੀ ਪ੍ਰੋਜੈਕਟਾਂ ‘ਚ ਤੇਜ਼ੀ ਲਿਆਉਣ ਦੇ ਹੁਕਮ

Scroll to Top