ASI Gurnam Singh

ਸ਼ਹੀਦ ASI ਗੁਰਨਾਮ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਸਰਕਾਰ ਦੇ ਮੰਤਰੀ ਤੇ ‘ਆਪ’ ਵਿਧਾਇਕ

ਚੰਡੀਗੜ੍ਹ 28 ਫਰਵਰੀ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਲਾਲਜੀਤ ਸਿੰਘ ਭੁੱਲਰ ਨੇ ਅੱਜ ਸ਼ਹੀਦ ਏਐਸਆਈ ਗੁਰਨਾਮ ਸਿੰਘ ਦੇ ਜੱਦੀ ਪਿੰਡ ਗਦਰੀਆਂ (ਦੀਨਾਨਗਰ) ਪਹੁੰਚ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ‘ਆਪ’ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਸਨ।

‘ਆਪ’ ਆਗੂਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਔਖੀ ਘੜੀ ‘ਚ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਖੜ੍ਹੀ ਹੈ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਆਧਿਆ ਚੌਕੀ ‘ਤੇ ਡਿਊਟੀ ਦੌਰਾਨ ਸਾਡੇ ਬਹਾਦਰ ਸਿਪਾਹੀਆਂ ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ ਦਾ ਕਤਲ ਇੱਕ ਕਾਇਰਤਾ ਭਰਿਆ ਕਾਰਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੁਲਿਸ ‘ਤੇ ਹਮਲਾ ਨਹੀਂ ਹੈ, ਸਗੋਂ ਪੰਜਾਬ ਦੀ ਮਿੱਟੀ ਅਤੇ ਇੱਥੋਂ ਦੇ ਲੋਕਾਂ ਦੇ ਸਕੂਨ ‘ਤੇ ਹਮਲਾ ਹੈ। ਸ਼ਹੀਦਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਸਰਹੱਦ ਪਾਰੋਂ ਹੋ ਰਹੀਆਂ ਸਾਜ਼ਿਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਬਦਨਾਮ ਖੁਫ਼ੀਆ ਏਜੰਸੀ ਆਈਐਸਆਈ ਲਗਾਤਾਰ ਪੰਜਾਬ ਦੇ ਰਸਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਪਠਾਨਕੋਟ ਏਅਰਬੇਸ ਅਤੇ ਦੀਨਾਨਗਰ ਥਾਣੇ ‘ਤੇ ਹੋਏ ਹਮਲੇ ਇਸੇ ਦਾ ਹਿੱਸਾ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਦੀਆਂ ਨਫ਼ਰਤ ਭਰੀਆਂ ਭਾਵਨਾਵਾਂ ਨੂੰ ਪੰਜਾਬ ਦੀ ਧਰਤੀ ‘ਤੇ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਕੈਬਿਨਟ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੁਸ਼ਮਣ ਦੇਸ਼ਾਂ ਵੱਲੋਂ ਫੈਲਾਏ ਗਏ ਜਾਲ ਅਤੇ ਲਾਲਚ ‘ਚ ਨਾ ਫਸਣ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇੱਥੋਂ ਦੀ ਏਕਤਾ ਅਤੇ ਭਾਈਚਾਰੇ ਨੂੰ ਕਿਸੇ ਵੀ ਕੀਮਤ ‘ਤੇ ਟੁੱਟਣ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਛੇਤੀ ਹੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਪੰਜਾਬ ਸਰਕਾਰ ਗੈਂਗਸਟਰਵਾਦ ਅਤੇ ਨਸ਼ਿਆਂ ਵਿਰੁੱਧ ਆਪਣੀ ‘ਜ਼ੀਰੋ ਟੋਲਰੈਂਸ’ ਨੀਤੀ ‘ਤੇ ਕਾਇਮ ਹੈ ਅਤੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।

ਮੰਤਰੀ ਲਾਲਜੀਤ ਭੁੱਲਰ ਨੇ ਪੰਜਾਬ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਨੇ ਸਿਰਫ਼ 24 ਘੰਟਿਆਂ ਦੇ ਅੰਦਰ ਸਾਰੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਸਪੱਸ਼ਟ ਸੰਦੇਸ਼ ਦਿੱਤਾ ਕਿ ਜੋ ਵੀ ਵਿਅਕਤੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰੇਗਾ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਵੇਗਾ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਦੋਵਾਂ ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸ਼ਹੀਦਾਂ ਦੀ ਘਾਟ ਨੂੰ ਕਿਸੇ ਵੀ ਕੀਮਤ ‘ਤੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮੱਦਦ ਲਈ 24 ਘੰਟੇ ਖੜ੍ਹੀ ਹੈ।

ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਲਾਲਜੀਤ ਭੁੱਲਰ ਨੇ ਕਿਹਾ ਕਿ ਇਹ ਪਾਰਟੀਆਂ ਸਿਰਫ਼ ਰਾਜਨੀਤੀ ਕਰ ਰਹੀਆਂ ਹਨ ਕਿਉਂਕਿ ਉਹ ਸਰਕਾਰ ਦੀ ਸਫਲਤਾ ਤੋਂ ਡਰੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਹੱਦੀ ਸੂਬਾ ਹੋਣ ਕਾਰਨ ਇਹ ਪਾਰਟੀਆਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ‘ਚ ਕਿਤੇ ਨਾ ਕਿਤੇ ਸ਼ਾਮਲ ਹਨ ਅਤੇ ਪੁਲਿਸ ਦਾ ਮਨੋਬਲ ਡੇਗਣ ਦਾ ਕੰਮ ਕਰ ਰਹੀਆਂ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਰੋਧੀ ਦੇਸ਼ ਦੀਆਂ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸ਼ੈਰੀ ਕਲਸੀ ਨੇ ਵਿਰੋਧੀ ਧਿਰ ‘ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਕੋਈ ਵਾਰਦਾਤ ਹੁੰਦੀ ਹੈ, ਤਾਂ ਵਿਰੋਧੀ ਪਾਰਟੀਆਂ ਸੋਸ਼ਲ ਮੀਡੀਆ ‘ਤੇ ਤੁਰੰਤ ‘ਲਾਈਵ’ ਹੋ ਕੇ ਰਾਜਨੀਤੀ ਸ਼ੁਰੂ ਕਰ ਦਿੰਦੀਆਂ ਹਨ। ਪਰ ਜਦੋਂ ਪੰਜਾਬ ਪੁਲਿਸ 24 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਫੜ ਲੈਂਦੀ ਹੈ, ਤਾਂ ਇਹ ਆਗੂ ਪੁਲਿਸ ਦੀ ਸ਼ਲਾਘਾ ‘ਚ ਇੱਕ ਸ਼ਬਦ ਵੀ ਨਹੀਂ ਬੋਲਦੇ। ਉਨ੍ਹਾਂ ਸਵਾਲ ਉਠਾਇਆ ਕਿ ਕੀ ਇਹ ਆਗੂ ਪੰਜਾਬ ਦੇ ਹਿਤੈਸ਼ੀ ਹਨ ਜਾਂ ਆਈਐਸਆਈ ਅਤੇ ਗੈਂਗਸਟਰਾਂ ਦੀ ਵਿਚਾਰਧਾਰਾ ਦਾ ਸਮਰਥਨ ਕਰ ਰਹੇ ਹਨ?

Read More: ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ‘ਖੇਡ ਪਿਟਾਰਾ’ ਕਿੱਟ ਪ੍ਰਦਾਨ ਕਰੇਗੀ ਪੰਜਾਬ ਸਰਕਾਰ

ਵਿਦੇਸ਼

Scroll to Top