ਪੈਨਸ਼ਨਰ ਸੇਵਾ ਪੋਰਟਲ

ਪੰਜਾਬ ਸਰਕਾਰ ਵੱਲੋਂ ‘ਪੈਨਸ਼ਨਰ ਸੇਵਾ ਪੋਰਟਲ’ ਲਾਂਚ, ਬਜ਼ੁਰਗਾਂ ਨੂੰ ਘਰ ਬੈਠੇ ਮਿਲੇਗੀ ਪੈਨਸ਼ਨ !

ਚੰਡੀਗੜ੍ਹ, 04 ਨਵੰਬਰ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਸੂਬੇ ਦੇ ਲਗਭੱਗ 3.15 ਲੱਖ ਪੈਨਸ਼ਨਰਾਂ ਲਈ ਪੈਨਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੇ ‘ਪੈਨਸ਼ਨਰ ਸੇਵਾ ਪੋਰਟਲ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪੈਨਸ਼ਨ ਵੰਡ ਕੇਸਾਂ ਦੀ ਪ੍ਰਕਿਰਿਆ ਅਤੇ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਲਈ https://pensionersewa.punjab.gov.in ‘ਤੇ ਜਾ ਸਕਦੇ ਹਨ |

ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੋਰਟਲ ਸ਼ੁਰੂ ‘ਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕਰੇਗਾ, ਜਿਨ੍ਹਾਂ ‘ਚ ‘ਜੀਵਨ ਪ੍ਰਮਾਣ’ ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਣਾ, ਉੱਤਰਾਅਧਿਕਾਰੀ ਮਾਡਿਊਲ ਰਾਹੀਂ ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ‘ਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ (ਐੱਲ.ਟੀ.ਸੀ.) ਲੈਣ ਲਈ ਅਰਜ਼ੀ ਦੇਣਾ, ਸ਼ਿਕਾਇਤ ਨਿਵਾਰਣ ਮਾਡਿਊਲ ਰਾਹੀਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਰਜ ਕਰਨਾ, ਅਤੇ ਪ੍ਰੋਫ਼ਾਈਲ ਅਪਡੇਸ਼ਨ ਮਾਡਿਊਲ ਰਾਹੀਂ ਪੈਨਸ਼ਨਰ ਦੇ ਨਿੱਜੀ ਵੇਰਵਿਆਂ ‘ਚ ਅਪਡੇਸ਼ਨ/ਬਦਲਾਅ ਕਰਨਾ ਸ਼ਾਮਲ ਹੈ। ‘ਜੀਵਨ ਪ੍ਰਮਾਣ’ ਮੋਬਾਈਲ ਐਪ ਐਂਡਰਾਇਡ ‘ਤੇ https://play.google.com/store/apps/details?id=com.aadhaar.life ਅਤੇ ਐਪਲ ਫੋਨ ਲਈ https://apps.apple.com/in/app/jeevanpramaan/id6736359405 ‘ਤੇ ਉਪਲਬੱਧ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਰਲ ਅਤੇ ਵਰਤੋਂਕਾਰ-ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਪੋਰਟਲ ‘ਤੇ ਉਪਲਬੱਧ ਆਧਾਰ ਪ੍ਰਮਾਣਿਕਤਾ ਸਹੂਲਤ ਰਾਹੀਂ ਈ-ਕੇ.ਵਾਈ.ਸੀ. ਪੂਰੀ ਕਰਕੇ ‘ਪੈਨਸ਼ਨਰ ਸੇਵਾ ਪੋਰਟਲ’ ‘ਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਪੈਨਸ਼ਨਰ ਆਪਣੇ ਮੋਬਾਈਲ ਫੋਨਾਂ, ਪੀ.ਸੀਜ਼, ਜਾਂ ਲੈਪਟਾਪਾਂ ਰਾਹੀਂ ਪੋਰਟਲ ‘ਤੇ ਆਪਣੀ ਲੌਗਇਨ ਆਈ.ਡੀ. ਦੀ ਵਰਤੋਂ ਕਰਕੇ ਘਰ ਬੈਠੇ ਹੀ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਸੇਵਾਵਾਂ ਦਾ ਲਾਭ ਨਜ਼ਦੀਕੀ ਸੇਵਾ ਕੇਂਦਰਾਂ, ਸੇਵਾ ਦੀ ਹੋਮ ਡਿਲੀਵਰੀ ਦੀ ਬੇਨਤੀ ਕਰਕੇ, ਸਬੰਧਤ ਪੈਨਸ਼ਨ ਵੰਡਣ ਵਾਲੇ ਬੈਂਕਾਂ, ਜਾਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ‘ਤੇ ਜਾ ਕੇ ਵੀ ਲਿਆ ਜਾ ਸਕਦਾ ਹੈ।

ਵਿੱਤ ਮੰਤਰੀ ਚੀਮਾ ਨੇ ਵਿਦੇਸ਼ਾਂ ‘ਚ ਰਹਿ ਰਹੇ ਪੈਨਸ਼ਨਰਾਂ ਲਈ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਫਿਲਹਾਲ, ‘ਪੈਨਸ਼ਨਰ ਸੇਵਾ ਪੋਰਟਲ’ ਸਿਰਫ਼ ਭਾਰਤ ਦੇ ਅੰਦਰ ਹੀ ਚਾਲੂ ਹੈ, ਇਸ ਲਈ ਵਿਦੇਸ਼ਾਂ ‘ਚ ਰਹਿ ਰਹੇ ਪੈਨਸ਼ਨਰਾਂ ਨੂੰ ਇਸ ਸ਼ੁਰੂਆਤੀ ਪੜਾਅ ‘ਚ ਈ-ਕੇ.ਵਾਈ.ਸੀ. ਪੂਰਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਐੱਨ.ਆਰ.ਆਈ. ਪੈਨਸ਼ਨਰਾਂ ਲਈ ਈ-ਕੇ.ਵਾਈ.ਸੀ. ਨੂੰ ਸਮਰੱਥ ਬਣਾਉਣ ਲਈ ਕੰਮ ਚੱਲ ਰਿਹਾ ਹੈ ਅਤੇ ਉਦੋਂ ਤੱਕ, ਵਿਦੇਸ਼ਾਂ ‘ਚ ਰਹਿ ਰਹੇ ਪੈਨਸ਼ਨਰ ਪਹਿਲਾਂ ਵਾਂਗ ਹੀ ਮੈਨੂਅਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਂਦੇ ਰਹਿਣਗੇ।

ਹਰਪਾਲ ਸਿੰਘ ਚੀਮਾ ਨੇ ਮੰਨਿਆ ਕਿ ਕੁਝ ਪੈਨਸ਼ਨਰਾਂ ਨੂੰ ਰਜਿਸਟ੍ਰੇਸ਼ਨ ਦੌਰਾਨ ਸ਼ੁਰੂਆਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤੁਰੰਤ ਮੱਦਦ ਅਤੇ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੋਰਟਲ ਦੇ ਸ਼ੁਰੂ ਹੋਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਛੇਤੀ ਹੱਲ ਕਰਨ ਲਈ ਡਾਇਰੈਕਟੋਰੇਟ ਆਫ਼ ਟ੍ਰੇਜ਼ਰੀਜ਼ ਐਂਡ ਅਕਾਊਂਟਸ, ਪੈਨਸ਼ਨ ਅਤੇ ਨਵੀਂ ਪੈਨਸ਼ਨ ਸਕੀਮ ਵਿਖੇ ਇੱਕ ਸਮਰਪਿਤ ਵਾਰ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਡਾਇਰੈਕਟੋਰੇਟ ਪੱਧਰ ‘ਤੇ ਤਿੰਨ ਸਮਰਪਿਤ ਹੈਲਪਲਾਈਨ ਨੰਬਰ (18001802148, 01722996385, 01722996386) ਨਿਰਧਾਰਤ ਕੀਤੇ ਗਏ ਹਨ, ਜੋ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ।

ਪੋਰਟਲ ਦੇ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਜਾਣਕਾਰੀ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ, ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਸਿਖਲਾਈ ਸੈਸ਼ਨ ਕਰਵਾਏ ਹਨ ਅਤੇ ਵਿਸਥਾਰ ‘ਚ ਜਾਣਕਾਰੀ ਦੇਣ ਵਾਲੇ ਦਸਤਾਵੇਜ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਖਾਸਤੌਰ ‘ਤੇ ‘ਪੈਨਸ਼ਨਰ ਸੇਵਾ ਪੋਰਟਲ’ ਦਾ ਇੱਕ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ, ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਪੱਧਰ ‘ਤੇ ਪਹਿਲਾਂ ਹੀ ਸਫ਼ਲਤਾਪੂਰਵਕ ਸੰਪੰਨ ਹੋ ਚੁੱਕਾ ਹੈ, ਜੋ ਸੂਬਾ ਪੱਧਰੀ ਲਾਗੂਕਰਨ ਲਈ ਇਸਦੀ ਤਿਆਰੀ ਦੀ ਪੁਸ਼ਟੀ ਕਰਦਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸੇਵਾਮੁਕਤ ਕਰਮਚਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਅਤੇ ‘ਪੈਨਸ਼ਨਰ ਸੇਵਾ ਪੋਰਟਲ’ ਸੂਬੇ ਦੇ ਸਾਰੇ ਪੈਨਸ਼ਨਰਾਂ ਲਈ ਸਮੇਂ ਸਿਰ, ਸਹੀ ਅਤੇ ਔਕੜ ਰਹਿਤ ਪੈਨਸ਼ਨ ਸੇਵਾਵਾਂ ਨੂੰ ਯਕੀਨੀ ਬਣਾਏਗਾ।

Read More: CM ਭਗਵੰਤ ਮਾਨ ਨੇ ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

Scroll to Top