ਸੰਜੀਵ ਅਰੋੜਾ

ਪੰਜਾਬ ਸਰਕਾਰ ਵੱਲੋਂ ਉਦਯੋਗਿਕ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ: ਸੰਜੀਵ ਅਰੋੜਾ

ਚੰਡੀਗੜ੍ਹ, 8 ਅਕਤੂਬਰ 2025: ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਉਦਯੋਗਿਕ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਵੇਂ ਨਿਵੇਸ਼ਾਂ ਅਤੇ ਸਥਾਨਕ ਕਾਰੋਬਾਰਾਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।

ਵਿਆਪਕ ਸੁਧਾਰਾਂ ਬਾਰੇ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਉਦਯੋਗਿਕ ਖੇਤਰ ਦੀ ਪੁਨਰ ਸੁਰਜੀਤੀ ਕਰਨ ਲਈ ਅਸੀਂ ਇੱਕ ਅਜਿਹੀ ਨੀਂਹ ਬਣਾ ਰਹੇ ਹਾਂ ਜਿੱਥੇ ਸਾਡੇ ਉਦਯੋਗ ਮਾੜੇ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਪ੍ਰਫੁਲਿਤ ਕਰ ਸਕਦੇ ਹਨ।

ਇਹ ਕਾਰਵਾਈ ਉੱਚ-ਪੱਧਰੀ ਬੈਠਕਾਂ ਤੋਂ ਬਾਅਦ ਕੀਤੀ ਹੈ, ਜਿੱਥੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਬੁਨਿਆਦੀ ਸਹੂਲਤਾਂ ‘ਚ ਪਾੜੇ ਨੂੰ ਉਭਾਰਿਆ। ਪੰਜਾਬ ਵਿਕਾਸ ਕਮਿਸ਼ਨ (ਪੀ.ਡੀ.ਸੀ.) ਨੇ ਤੁਰੰਤ ਰਾਜ ਦੇ ਉਦਯੋਗਿਕ ਖੇਤਰਾਂ ਚ ਟੀਮਾਂ ਤਾਇਨਾਤ ਕੀਤੀਆਂ। ਉਦਯੋਗਿਕ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇੱਕ ਵਿਸਤ੍ਰਿਤ, ਪੜਾਅਵਾਰ ਅਪਗ੍ਰੇਡ ਯੋਜਨਾ ਤਿਆਰ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) 26 ਮੁੱਖ ਉਦਯੋਗਿਕ ਫੋਕਲ ਪੁਆਇੰਟਾਂ ਨੂੰ ਮੁੜ ਸੁਰਜੀਤ ਕਰਨ ਲਈ 97.54 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲੇ ਕਾਰਜ ਦੀ ਅਗਵਾਈ ਕਰ ਰਿਹਾ ਹੈ। ਇਹ ਫੰਡਿੰਗ ਲੁਧਿਆਣਾ,ਮੋਹਾਲੀ ਅਤੇ ਹੋਰ ਜ਼ਿਲ੍ਹਿਆਂ ‘ਚ 32.76 ਕਰੋੜ ਦੀ ਲਾਗਤ ਨਾਲ ਮਜ਼ਬੂਤ ਸੜਕਾਂ ਅਤੇ ਸਾਫ਼ ਸੰਕੇਤ; 27.61 ਕਰੋੜ ਦੇ ਆਧੁਨਿਕ ਸੀਵਰੇਜ ਅਤੇ ਐਸਟੀਪੀ; ਸਾਰੇ ਪੁਆਇੰਟਾਂ ਲਈ ਮਜ਼ਬੂਤ ਜਲ ਸਪਲਾਈ ਨੈੱਟਵਰਕ; ਸਟਰੀਟ ਲਾਈਟਿੰਗ ਅਤੇ ਵਧੀਆਂ ਨਾਗਰਿਕ ਸਹੂਲਤਾਂ, ਲਈ ਵਿਆਪਕ ਸੁਧਾਰ ਲਿਆਏਗੀ।

ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇੱਕ ਹੋਰ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ‘ਚ 134.44 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਲੁਧਿਆਣਾ ਅਤੇ ਖੰਨਾ ‘ਚ 26 ਫੋਕਲ ਪੁਆਇੰਟਾਂ ਅਤੇ 7 ਉਦਯੋਗਿਕ ਜ਼ੋਨਾਂ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਇਹ ਸੰਪੂਰਨ ਅਪਗ੍ਰੇਡ ਵਿਸ਼ਵ ਪੱਧਰੀ ਸੜਕਾਂ ਅਤੇ ਫੁੱਟਪਾਥ , ਸਿਹਤਮੰਦ ਵਾਤਾਵਰਣ ਲਈ ਹਰਾ-ਭਰਾ ਮਾਹੌਲ,ਸੀਵਰੇਜ ਅਤੇ ਪਾਣੀ ਸਹੂਲਤਾਂ ‘ਚ ਸੋਧ, ਆਧੁਨਿਕ ਲਾਈਟਿੰਗ ਸਥਾਪਤ ਕਰੇਗਾ ਅਤੇ ਸੀਸੀਟੀਵੀ ਸੁਰੱਖਿਆ ਨਾਲ ਲੈਸ ਜਿੰਮ ਅਤੇ ਕਮਿਊਨਿਟੀ ਸੈਂਟਰ ਵਰਗੀਆਂ ਨਵੀਆਂ ਕਮਿਊਨਿਟੀ ਸਹੂਲਤਾਂ ਵੀ ਬਣਾਏਗਾ।

Read More: ਪੰਜਾਬ ‘ਚ ‘ਆਪ’ ਸਰਕਾਰ ਬਣਨ ਤੋਂ ਬਾਅਦ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ: ਸੰਜੀਵ ਅਰੋੜਾ

Scroll to Top