Punjab news

ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ, ਸਫਾਈ ਤੇ ਰੋਜ਼ਗਾਰ ਸੰਬੰਧੀ ਅਭਿਆਨ ਦੀ ਸ਼ੁਰੂਆਤ

ਮਲੋਟ/ਸ੍ਰੀ ਮੁਕਤਸਰ ਸਾਹਿਬ, 05 ਨਵੰਬਰ 2025: ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਬੀਤੇ ਦਿਨ ਕੇ.ਜੀ. ਰਿਜ਼ੋਰਟਸ ਤੋਂ ਇੱਕ ਮੈਗਾ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ ਹੈ | ਕੈਬਿਨਟ ਮੰਤਰੀ ਵੱਲੋਂ ਔਰਤਾਂ ਲਈ ਸਿਹਤ ਜਾਂਚ ਅਤੇ ਰੁਜ਼ਗਾਰ ਕੈਂਪਾਂ ਦੀ ਸੂਬਾ ਪੱਧਰੀ ਲੜੀ ਦਾ ਆਗਾਜ਼ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਅੱਜ ਮਲੋਟ ਤੋਂ ਸ਼ੁਰੂ ਹੋਏ ਇਸ ਕੈਂਪ ਦੀ ਤਰਜ਼ ‘ਤੇ ਪੰਜਾਬ ਭਰ ‘ਚ ਔਰਤਾਂ ਨੂੰ ਸਿਹਤ, ਸਫਾਈ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਕੈਂਪ ਲੱਗਣਗੇ |

ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਮਹਿਲਾ ਅਤੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗਾਂ ਤੋਂ ਇਲਾਵਾ ਲੋੜਵੰਦਾਂ ਲਈ ਰੁਜ਼ਗਾਰ ਪੈਦਾ ਕਰਨ, ਹੁਨਰ ਵਿਕਾਸ, ਸਿਹਤ ਅਤੇ ਪਰਿਵਾਰ ਭਲਾਈ, ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ‘ਚ ਆਰਥੋ, ਗਾਇਨੀਕੋਲੋਜੀ, ਅੱਖਾਂ, ਈ.ਐਨ.ਟੀ. ਦੀ ਮੁਫ਼ਤ ਸਕ੍ਰੀਨਿੰਗ, ਬਲੱਡ ਪ੍ਰੈਸ਼ਰ ਦੇ ਚੈਕਅਪ, ਸ਼ੂਗਰ ਟੈਸਟ, ਅਨੀਮੀਆ ਦੀ ਜਾਂਚ ਅਤੇ ਦਵਾਈਆਂ ਦੀ ਵੰਡ ਸ਼ਾਮਲ ਹੋਵੇਗੀ। ਇਨ੍ਹਾਂ ਕੈਂਪ ‘ਚ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਇਲਾਵਾ ਗਰਭ ਨਿਰੋਧਕ ਤਰੀਕਿਆਂ, ਪਰਿਵਾਰ ਨਿਯੋਜਨ, ਯੂਰੀਨਰ ਟਰੈਕਟ ਇਨਫੈਕਸ਼ਨ (ਯੂਟੀਆਈ), ਮਾਹਵਾਰੀ ਦੌਰਾਨ ਸਵੱਛਤਾ ਅਤੇ ਕਿਸ਼ੋਰ ਅਵਸਥਾ ਦੀ ਸਿਹਤ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਕੈਂਪ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) , ਜੋ ਆਪਣੇ ਉਤਪਾਦਾਂ ਨੂੰ ਪ੍ਰਦਰਸਿ਼ਤ ਕਰਨ ਅਤੇ ਵੇਚਣ ਲਈ ਵਿਸ਼ੇਸ਼ ਤੌਰ `ਤੇ ਕੰਮ ਕਰਦੇ ਹਨ, ਲਈ ਪਲੇਟਫਾਰਮ ਵੀ ਬਣਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲਗਭੱਗ 500 ਕੁੜੀਆਂ ਨੇ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਦੇ ਹੈਲਪ ਡੈਸਕ ‘ਤੇ ਆਪਣੇ ਆਪ ਨੂੰ ਰਜਿਸਟਰ ਕੀਤਾ, ਜਿਨ੍ਹਾਂ ‘ਚੋਂ 295 ਦੀ ਚੋਣ ਹੋਈ ਅਤੇ 72 ਤੋਂ ਵੱਧ ਨੂੰ ਮੌਕੇ ‘ਤੇ ਹੀ ਪੇਸ਼ਕਸ਼ ਪੱਤਰ ਸੌਂਪੇ ਗਏ। ਜ਼ਿਕਰਯੋਗ ਹੈ ਕਿ ਇਸ ਮੈਗਾ ਜੋਬ ਫੇਅਰ ‘ਚ 16 ਕੰਪਨੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ।

Read More: ਪੰਜਾਬ ਸਰਕਾਰ ਵੱਲੋਂ ‘ਪੈਨਸ਼ਨਰ ਸੇਵਾ ਪੋਰਟਲ’ ਲਾਂਚ, ਬਜ਼ੁਰਗਾਂ ਨੂੰ ਘਰ ਬੈਠੇ ਮਿਲੇਗੀ ਪੈਨਸ਼ਨ !

Scroll to Top