ਲੁਧਿਆਣਾ, 26 ਨਵੰਬਰ 2024: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਰਵਜੋਤ ਸਿੰਘ ਵੱਲੋਂ ਲੁਧਿਆਣਾ (Ludhiana) ‘ਚ 120 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਸਿੱਧਵਾਂ ਨਹਿਰ ‘ਤੇ ਲੋਹਾਰਾ ਪੁਲ ਦੀ ਉਸਾਰੀ ਅਤੇ ਜਮਾਲਪੁਰ ਡੰਪ ਸਾਈਟ ‘ਤੇ ਇਕੱਠੇ ਹੋਏ ਪੁਰਾਣੇ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਕ੍ਰਮਵਾਰ ਲਗਭਗ 19.62 ਲੱਖ ਮੀਟ੍ਰਿਕ ਟਨ ਅਤੇ 2 ਲੱਖ ਮੀਟ੍ਰਿਕ ਟਨ ਤੋਂ ਵੱਧ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਜਾਵੇਗਾ |
ਡਾ: ਰਵਜੋਤ ਸਿੰਘ ਵੱਲੋਂ ਲੋਹਾਰਾ ਖੇਤਰ ‘ਚ ਸਿੱਧਵਾਂ ਨਹਿਰ ‘ਤੇ ਪੁਲ (ਲੋਹੜਾ ਪੁਲ) ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੀ ਸਨ | ਇਸ ਪੁਲ ਪ੍ਰੋਜੈਕਟ ‘ਤੇ 12.50 ਕਰੋੜ ਰੁਪਏ ਖਰਚ ਕੀਤੇ ਜਾਣਗੇ | ਇਸ ਦੌਰਾਨ ਕੈਬਿਨਟ ਮੰਤਰੀ ਡਾ: ਰਵਜੋਤ ਸਿੰਘ ਨੇ ਲੁਧਿਆਣਾ ਦੱਖਣੀ ਖੇਤਰ ‘ਚ ਵਿਕਾਸ ਕਾਰਜਾਂ ਲਈ ਆਪਣੇ ਵਿਸ਼ੇਸ਼ ਕੋਟੇ ‘ਚੋਂ 1 ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ ।
ਇਸਦੇ ਨਾਲ ਹੀ ਡਾ: ਰਵਜੋਤ ਸਿੰਘ ਨੇ ਤਾਜਪੁਰ ਰੋਡ ਸਥਿਤ ਜਮਾਲਪੁਰ ਮੁੱਖ ਡੰਪ ਸਾਈਟ ‘ਤੇ ਜਮ੍ਹਾਂ ਹੋਏ ਲਗਭਗ 19.62 ਲੱਖ ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਲਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ | ਇਥੇ ਉਨ੍ਹਾਂ ਨਾਲ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੀ ਹਾਜ਼ਰ ਸਨ | ਇਸ ਪ੍ਰੋਜੈਕਟ ‘ਤੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਪ੍ਰਾਜੈਕਟ ਤਹਿਤ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇਗਾ।
ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਪੁਰਾਣੇ ਕੂੜੇ ਦੇ ਨਿਪਟਾਰੇ ਨਾਲ ਸ਼ਹਿਰ ਵਾਸੀਆਂ ਨੂੰ ਬਦਬੂ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕੂੜਾ ਚੁੱਕਣ ਤੋਂ ਬਾਅਦ ਨਗਰ ਨਿਗਮ ਦੀ ਕਰੀਬ 41 ਏਕੜ ਜ਼ਮੀਨ ਖਾਲੀ ਹੋ ਜਾਵੇਗੀ ਅਤੇ ਇਸ ਦੀ ਵਰਤੋਂ ਸ਼ਹਿਰ ਵਾਸੀਆਂ ਦੀ ਭਲਾਈ ਲਈ ਕੀਤੀ ਜਾਵੇਗੀ।
ਇਸ ਉਪਰੰਤ ਮੰਤਰੀ ਡਾ: ਰਵਜੋਤ ਸਿੰਘ ਨੇ ਗਿੱਲ ਖੇਤਰ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨਾਲ ਮਿਲ ਕੇ ਨਗਰ ਨਿਗਮ ਜੈਨਪੁਰ ਵਾਲੀ ਥਾਂ ਤੋਂ 2 ਲੱਖ ਮੀਟ੍ਰਿਕ ਟਨ ਤੋਂ ਵੱਧ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਪ੍ਰੋਜੈਕਟ ਦਾ ਉਦਘਾਟਨ ਕੀਤਾ | ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 11 ਕਰੋੜ ਰੁਪਏ ਹੈ। ਕੂੜੇ ਦਾ ਨਿਪਟਾਰਾ ਬਾਇਓ-ਰੀਮੀਡੀਏਸ਼ਨ ਰਾਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਕਰੀਬ 29 ਏਕੜ ਜ਼ਮੀਨ ਖਾਲੀ ਕਰਕੇ ਨਗਰ ਨਿਗਮ ਦੇ ਭਵਿੱਖ ਦੇ ਪ੍ਰਾਜੈਕਟਾਂ ਲਈ ਵਰਤੀ ਜਾਵੇਗੀ।