ਚੰਡੀਗੜ੍ਹ 03 ਮਈ 2022: ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ (Rajinder Kaur Bhattal) ਨੂੰ ਨੋਟਿਸ ਜਾਰੀ ਕਰਦਿਆਂ ਸਰਕਾਰੀ ਕੋਠੀ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਨੋਟਿਸ ਰਾਹੀਂ ਪੰਜਾਬ ਸਰਕਾਰ ਵੱਲੋਂ 5 ਮਈ ਤੱਕ ਸਰਕਾਰੀ ਕੋਠੀ ਖਾਲੀ ਕਰਨ ਲਈ ਕਿਹਾ ਗਿਆ ਹੈ।
ਸਰਕਾਰ ਵਲੋਂ ਜਾਰੀ ਕੀਤੇ ਇਸ ਨੋਟਿਸ ‘ਚ ਕਿਹਾ ਗਿਆ ਹੈ ਕਿ ਤੁਹਾਨੂੰ ਵਾਈਸ ਚੇਅਰਪਰਸਨ, ਪੰਜਾਬ ਰਾਜ ਯੋਜਨਾ ਬੋਰਡ ਦੇ ਅਹੁਦੇ ਕਾਰਨ ਕੈਬਨਿਟ ਰੈਂਕ ਅਨੁਸਾਰ ਕੈਬਨਿਟ ਮੰਤਰੀਆਂ ਦੀ ਤਰਜ਼ ‘ਤੇ ਮੁੱਖ ਮੰਤਰੀ ਪੂਲ ਦੀ ਕੋਠੀ ਅਲਾਟ ਕੀਤੀ ਗਈ ਸੀ। ਪਰ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਰਾਜ ਯੋਜਨਾ ਬੋਰਡ ਤੁਰੰਤ ਪ੍ਰਭਾਵ ਤੋਂ ਭੰਗ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਰਜਿੰਦਰ ਕੌਰ ਭੱਠਲ (Rajinder Kaur Bhattal) ਨੂੰ ਚੰਡੀਗੜ੍ਹ ਦੇ ਸੈਕਟਰ 2 ‘ਚ ਕੋਠੀ ਨੰਬਰ 8 ਮਿਲੀ ਹੋਈ ਹੈ। ਕੋਠੀ ਦੇ ਬਿਜਲੀ ਤੇ ਪਾਣੀ ਦਾ ਬਿੱਲ ਵੀ ਪੀਡਬਲਯੂਡੀ ਵਿਭਾਗ ਵੱਲੋਂ ਭਰਿਆ ਜਾਂਦਾ ਹੈ ਜੋ ਲੱਖਾਂ ਰੁਪਏ ਮਹੀਨੇ ਦੇ ਬਣਦੇ ਹਨ।