July 1, 2024 12:20 am
Punjab government

ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੀ ਦਰਜਾਬੰਦੀ ਸੰਬੰਧੀ ਹੁਕਮ ਜਾਰੀ

ਚੰਡੀਗੜ੍ਹ 31 ਜਨਵਰੀ 2023: ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਦੀ ਦਰਜਾਬੰਦੀ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਮੰਤਰੀ ਮੰਡਲ ਵਿੱਚ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਮੰਤਰੀ ਹਨ। ਹੁਕਮਾਂ ਅਨੁਸਾਰ ਮੁੱਖ ਮੰਤਰੀ ਤੋਂ ਬਾਅਦ ਦੂਜਾ ਨੰਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਗਿਆ ਹੈ ਜਦਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਸਭ ਤੋਂ ਅਖੀਰਲਾ ਦਰਜਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੂੰ ਤੀਜਾ ਨੰਬਰ, ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੂੰ ਚੌਥੇ ਨੰਬਰ ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਸੇ ਕ੍ਰਮ ਵਿੱਚ ਖੇਡ ਮੰਤਰੀ ਮੀਤ ਹੇਅਰ ਨੂੰ ਪੰਜਵਾਂ,ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਛੇਵਾਂ,ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੂੰ ਸੱਤਵਾਂ, ਮਾਲ ਮੰਤਰੀ ਬ੍ਰਮ ਸ਼ੰਕ ਜਿੰਪਾ ਨੂੰ ਅੱਠਵਾਂ, ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਨੌਵਾਂ,ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਦਸਵਾਂ ,ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗਿਆਰਵਾਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬਾਰ੍ਹਵਾਂ, ਪਾਵਰ ਮਨਿਸਟਰ ਹਰਭਜਨ ਸਿੰਘ ਈਟੀਓ ਨੂੰ ਤੇਰ੍ਹਵਾਂ ,ਫੂਡ ਪ੍ਰੋਸੈਸਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ 14ਵਾਂ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੂੰ 15ਵਾਂ ਦਰਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਮੰਤਰੀਆਂ ਦੇ ਬੈਠਣ ਦੀ ਅਰੇਂਜਮੈਂਟ ਇਸੇ ਤਰਤੀਬ ਵਿੱਚ ਕੀਤੀ ਜਾਵੇ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕੈਬਨਿਟ ਦੇ 11 ਮੰਤਰੀ ਡਾ.ਬਲਜੀਤ ਕੌਰ,ਕੁਲਦੀਪ ਸਿੰਘ ਧਾਲੀਵਾਲ,ਡਾ.ਬਲਬੀਰ ਸਿੰਘ,ਬ੍ਰਮ ਸ਼ੰਕਰ ਜਿੰਪਾ,ਲਾਲ ਚੰਦ,ਇੰਦਰਬੀਰ ਨਿੱਜਰ,ਲਾਲਜੀਤ ਭੁੱਲਰ,ਹਰਜੋਤ ਬੈਂਸ,ਹਰਭਜਨ ਸਿੰਘ,ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਪਹਿਲੀ ਵਾਰ ਵਿਧਾਇਕ ਅਤੇ ਪਹਿਲੀ ਵਾਰ ਹੀ ਮੰਤਰੀ ਬਣੇ ਹਨ। ਇਹਨਾਂ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੂਜੀ ਵਾਰ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ ਅਤੇ ਕੈਬਨਿਟ ਮੰਤਰੀ ਬਣਾਏ ਗਏ ਹਨ।