July 5, 2024 1:02 am
ਜਗਜੀਤ ਸਿੰਘ ਡੱਲੇਵਾਲ

ਸੰਵਿਧਾਨ ‘ਚ ਮਿਲੇ ਹੱਕਾਂ ਲਈ ਸੰਘਰਸ਼ ਕਰਨ ਦੇ ਅਧਿਕਾਰਾਂ ਨੂੰ ਖੋਹਣ ਦਾ ਕੰਮ ਕਰ ਰਹੀ ਹੈ ਪੰਜਾਬ ਸਰਕਾਰ: ਜਗਜੀਤ ਸਿੰਘ ਡੱਲੇਵਾਲ

ਚੰਡੀਗ੍ਹੜ, 21 ਅਗਸਤ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸ. ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਨਰਲ ਸਕੱਤਰ ਸ. ਕਾਕਾ ਸਿੰਘ ਕੋਟੜਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਵਿੱਚ ਆਏ ਹੜ੍ਹਾ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਬਜਾਏ ਨੁਕਸਾਨ ਦਾ ਮੁਆਵਜ਼ਾ ਮੰਗਣ ਵਾਲੇ ਲੋਕਾਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਾਬ ਖੁਦ ਆਪਣੇ ਭਾਸ਼ਣਾਂ ਵਿੱਚ ਇਹ ਵਾਰ ਵਾਰ ਆਖਦੇ ਰਹੇ ਹਨ ਕਿ ਜਦੋਂ ਕਿਸੇ ਕੁਦਰਤੀ ਆਫ਼ਤ ਨਾਲ ਕਿਸੇ ਕਿਸਾਨ ਦੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਫਸਲ ਦੇ ਨੁਕਸਾਨ ਦੀ ਗਿਰਦਾਵਰੀ ਬਾਅਦ ਵਿੱਚ ਕਰਵਾਈ ਜਾਵੇਗੀ |

ਕਿਸਾਨ ਦੀ ਫਸਲ ਦੇ ਨੁਕਸਾਨ ਦਾ ਮੁਆਵਜਾ ਪਹਿਲਾਂ ਹੀ ਉਸਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਅਤੇ ਪਿੱਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਵੱਲੋ ਇੱਕ ਹੋਰ ਬਿਆਨ ਦਿੱਤਾ ਗਿਆ ਸੀ ਕਿ ਮੁਰਗੀ ਮਰੀ ਦਾ, ਬੱਕਰੀ ਮਰੀ ਦਾ,ਝੋਨਾ ਮਰੇ ਦਾ,ਕੱਦੂ ਦੂਜੀ ਵਾਰ ਕਰੇ ਦਾ,ਮਕਾਨ ਢਹੇ ਦਾ ਅਤੇ ਹਰ ਤਰ੍ਹਾਂ ਦੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇਗਾ ਪਰ ਅਫਸੋਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਆਨ ਤਾਂ ਬਹੁਤ ਵਧੀਆ ਦਿੰਦੇ ਹਨ ਪਰ ਹਕੀਕਤ ਵਿੱਚ ਮੀਟਿੰਗਾਂ ਵਿੱਚ ਮੰਨੀਆਂ ਹੋਈ ਮੰਗਾਂ ਅਤੇ ਦਿੱਤੇ ਗਏ ਬਿਆਨਾਂ ਉੱਪਰ ਅਮਲ ਕਦੇ ਵੀ ਨਹੀਂ ਕਰਦੇ ਹਨ |

ਜਿਸ ਦੇ ਫਲਸਰੂਪ ਸੰਘਰਸ਼ੀ ਲੋਕਾਂ ਨੂੰ ਸੜਕਾਂ ਉੱਪਰ ਆਉਣਾ ਪੈਂਦਾ ਹੈ ਪਰ ਲੋਕਾਂ ਨੂੰ ਉਹਨਾਂ ਦਾ ਸੰਵਿਧਾਨ ਵਿੱਚ ਮਿਲਿਆ ਹੱਕ ਬਹਾਲ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੰਵਿਧਾਨ ਵਿੱਚ ਮਿਲੇ ਮੌਲਿਕ ਅਧਿਕਾਰਾ ਨੂੰ ਕੁਚਲਣ ਅਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਸੰਵਿਧਾਨ ਵਿੱਚ ਮਿਲੇ ਹੱਕਾਂ ਲਈ ਪ੍ਰੋਟੈਸਟ ਕਰਨ ਦੀ ਆਜ਼ਾਦੀ ਨੂੰ ਖੋਹਣ ਅਤੇ ਲੋਕਾਂ ਦੀ ਆਵਾਜ ਨੂੰ ਬੰਦ ਕਰਨ ਲਈ ਤਾਨਾਸ਼ਾਹ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਲੋਕ ਆਪਣੇ ਹੱਕਾਂ ਲਈ ਸਵਿਧਾਨ ਵਿੱਚ ਮਿਲੇ ਅਧਿਕਾਰਾਂ ਤਹਿਤ ਪ੍ਰੋਟੈਸਟ ਕਰਕੇ ਆਪਣੀ ਆਵਾਜ਼ ਗੂੰਗੀ ਬੋਲੀ ਸਰਕਾਰ ਤੱਕ ਨਾਂ ਪਹੁੰਚਾ ਸਕਣ। ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਅਤਿ ਨਿੰਦਣਯੋਗ ਕਾਰਵਾਈ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ।