ਕਪੂਰਥਲਾ,26 ਜੁਲਾਈ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ , ਰੱਖਿਆ ਸੇਵਾਵਾਂ ਭਲਾਈ ,ਸੁਤੰਤਰਤਾ ਸੈਨਾਨੀ,ਬਾਗਬਾਨੀ ਵਿਭਾਗ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਸੈਨਿਕ ਸਕੂਲ (Sainik School) ਕਪੂਰਥਲਾ ਦੀ ਸ਼ਾਨ ਨੂੰ ਬਹਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਬੰਧੀ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਵਿਆਪਕ ਯੋਜਨਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਅੱਜ ਸੈਨਿਕ ਸਕੂਲ ਦਾ ਦੌਰਾ ਕਰਕੇ ਸਕੂਲ ਦੀ ਇਮਾਰਤ ਦੀ ਸਾਂਭ-ਸੰਭਾਲ ਅਤੇ ਸਾਜੋ ਸਾਮਾਨ ਦਾ ਜਾਇਜ਼ਾ ਲਿਆ। ਉਨਾਂ ਮਿਊਜ਼ੀਅਮ,ਕਲਾਸ ਰੂਮਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਉਨ੍ਹਾਂ ਕਿਹਾ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ,ਜ਼ਿਲ੍ਹਾ ਪ੍ਰਸ਼ਾਸਨ ਅਤੇ ਸੈਨਿਕ ਸਕੂਲ (Sainik School) ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਸਕੂਲ ਦੀ ਇਮਾਰਤ ਦੀ ਸਾਂਭ ਸੰਭਾਲ ਲਈ ਲੋੜੀਂਦੇ ਫੰਡਾਂ ਲਈ ,ਬੱਚਿਆਂ ਨੂੰ ਫ਼ੌਜ ਵਿਚ ਕਮਿਸ਼ਨਡ ਅਫ਼ਸਰਾਂ ਵਜੋਂ ਭਰਤੀ ਲਈ ਉੱਚ ਪੱਧਰੀ ਸਿਖਲਾਈ ਅਤੇ ਹੋਰ ਲੋੜੀਂਦੇ ਉਪਕਰਨ ਮੁਹੱਈਆ ਕਰਵਾਉਣ ਲਈ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਜਲਦ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੈਨਿਕ ਸਕੂਲ ਨੇ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਸਾਰੇ ਉੱਚ ਅਧਿਕਾਰੀ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਵਲੋਂ ਦੇਸ਼ ਦੀ ਏਕਤਾ,ਅਖੰਡਤਾ ਅਤੇ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਹਨ।
ਇਸ ਮੌਕੇ ਸੈਨਿਕ ਸਕੂਲ ਦੀ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਸਕੂਲ ਦੀਆਂ ਲੋੜਾਂ ਸਬੰਧੀ ਵੀ ਜਾਣੂੰ ਕਰਵਾਇਆ,ਜਿਸ ਬਾਰੇ ਕੈਬਨਿਟ ਮੰਤਰੀ ਵਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਕਿ ਪੰਜਾਬ ਸਰਕਾਰ ਵਲੋਂ ਸੈਨਿਕ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਐਸ.ਡੀ.ਐਮ ਲਾਲ ਵਿਸ਼ਵਾਸ਼ ਬੈਂਸ ਵਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸਵਾਗਤ ਕੀਤਾ ਗਿਆ।