July 4, 2024 6:27 pm
Punjab Government

ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਡਾ.ਇੰਦਰਬੀਰ ਸਿੰਘ ਨਿੱਝਰ

ਚੰਡੀਗੜ੍ਹ, 15 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਸੂਬੇ ਦੇ ਹਰ ਵਰਗ ਦਾ ਜੀਵਨ ਸੁਖਾਲਾ ਬਣਾਉਣ, ਚੰਗਾ ਪ੍ਰਸ਼ਾਸਨ ਅਤੇ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਦੀ ਪੁਰਤੀ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੋਮਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਖੇ ਸੂਰਿਆ ਇਨਕਲੇਵ ਵੈਲਫੇਅਰ ਸੁਸਾਇਟੀ ਜਲੰਧਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਲੰਧਰ ਸੁਧਾਰ ਟਰੱਸਟ ਦੇ ਚੈਅਰਮੈਨ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਕੈਬਨਿਟ ਮੰਤਰੀ ਨਾਲ ਮੀਟਿੰਗ ਦੌਰਾਨ ਜਲੰਧਰ ਦੇ ਸੂਰਿਆ ਇਨਕਲੇਵ ਦੇ ਨੁਮਾਇੰਦਿਆਂ ਵੱਲੋਂ ਰੋਜਾਨਾ ਜੀਵਨ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਸੂਰਿਆ ਇਨਕਲੇਵ ਵੈਲਫੇਅਰ ਸੁਸਾਇਟੀ ਜਲੰਧਰ ਦੇ ਨੁਮਾਇੰਦਿਆਂ ਵੱਲੋ ਦੱਸਿਆ ਗਿਆ ਕਿ 2003 ਵਿੱਚ ਨਵੀਂ ਕਲੋਨੀ ਡਿਵੈਲਪ ਲਈ, 170 ਏਕੜ ਜ਼ਮੀਨ ਐਕੁਆਇਰ ਕੀਤੀ ਸੀ, ਜਿਸਦੀ ਬੁਕਿੰਗ ‘ਜਲੰਧਰ ਸੁਧਾਰ ਟਰੱਸਟ’ ਵੱਲੋਂ ਸ਼ੁਰੂ ਕੀਤੀ ਗਈ ਸੀ।

ਸੁਸਾਇਟੀ ਦੇ ਨੁਮਾਇੰਦਿਆਂ ਨੇ ਇਹ ਵੀ ਦੱਸਿਆ ਕਿ ਜਲੰਧਰ ਸੁਧਾਰ ਟਰੱਸਟ ਵੱਲੋ ਦਾਅਵਾ ਕੀਤਾ ਸੀ ਕਿ ਸੂਰਿਆ ਇਨਕਲੇਵ ਦੇ ਵਸਨੀਕਾਂ ਨੂੰ ਅਤਿ-ਆਧੁਨਿਕ ਕਮਿਊਨਿਟੀ ਸੈਂਟਰ, ਗ੍ਰੀਨ ਪਾਰਕ, ਫਾਇਰ ਸਟੇਸ਼ਨ, ਗੈਸ ਪਾਈਪ ਦੀ ਸਪਲਾਈ (ਐਲ.ਪੀ.ਜੀ.), ਮੈਰਿਜ਼ ਪੈਲੇਸ ਲਈ ਜਗ੍ਹਾਂ ਆਦਿ ਸਹੂਲਤਾਂ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਹੁਣ ਤੱਕ ਮੁਹੱਈਆ ਨਹੀ ਹੋਈ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਨਿੱਝਰ ਨੇ ਸੂਰਿਆ ਇਨਕਲੇਵ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਾਇਜਾਂ ਮੰਗਾਂ ਨੂੰ ਹੱਲ ਕਰਨ ਲਈ ਬਣਦੀ ਕਾਰਵਾਈ ਜਲਦ ਹੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ, ਵਿਸ਼ੇਸ ਸਕੱਤਰ ਵਿੱਤ, ਜਲੰਧਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੋਂ ਇਲਾਵਾ ਸੂਰਿਆ ਇਨਕਲੇਵ ਵੈਲਫੇਅਰ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਸਨ।