ਚੰਡੀਗੜ੍ਹ, 19 ਮਾਰਚ 2026: ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਤੇਜ਼ਾਬ ਹਮਲੇ ਦੇ ਪੀੜਤਾਂ ਲਈ ਵਿੱਤੀ ਸੁਰੱਖਿਆ ਅਤੇ ਸਮਾਜਿਕ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ।
ਡਾ. ਬਲਜੀਤ ਕੌਰ ਨੇ ਕਿਹਾ, “ਪਿਛਲੇ ਸਾਲ ਦੌਰਾਨ, ਤੇਜ਼ਾਬੀ ਹਮਲੇ ਦੇ ਪੀੜਤਾਂ ਲਈ ਚੱਲ ਰਹੀ ਯੋਜਨਾ ਨੂੰ ਲਿੰਗ-ਨਿਰਪੱਖ ਬਣਾਇਆ ਹੈ। ਇਹ ਯੋਜਨਾ ਪਹਿਲਾਂ ਸਿਰਫ ਔਰਤਾਂ ਤੱਕ ਹੀ ਸੀਮਤ ਸੀ,ਪਰ ਹੁਣ ਪੁਰਸ਼ ਅਤੇ ਟ੍ਰਾਂਸਜੈਂਡਰ ਪੀੜਤਾਂ ਨੂੰ ਵੀ ਇਸਦਾ ਲਾਭ ਮਿਲੇਗਾ । ਇਸ ਤੋਂ ਇਲਾਵਾ ਇਸ ਯੋਜਨਾ ਤਹਿਤ ਮਹੀਨਾਵਾਰ ਵਿੱਤੀ ਸਹਾਇਤਾ 8,000 ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਹੈ, ਜੋ ਪੀੜਤਾਂ ਦੀ ਰੋਜ਼ੀ-ਰੋਟੀ ਅਤੇ ਮੁੜ ਵਸੇਬੇ ਲਈ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ ।”
ਡਾ. ਬਲਜੀਤ ਕੌਰ ਨੇ ਕਿਹਾ,“ਪੰਜਾਬ ਸਰਕਾਰ ਹਰ ਉਸ ਵਿਅਕਤੀ ਦੇ ਨਾਲ ਖੜ੍ਹੀ ਹੈ ਜੋ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਇਆ ਹੈ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕੈਬਿਨਟ ਮੰਤਰੀ ਨੇ ਕਿਹਾ, “ਤੇਜ਼ਾਬ ਹਮਲੇ ਨਾ ਸਿਰਫ਼ ਸਰੀਰਕ ਜ਼ਖ਼ਮ ਦਿੰਦੇ ਹਨ, ਸਗੋਂ ਡੂੰਘੀਆਂ ਭਾਵਨਾਤਮਕ ਅਤੇ ਮਾਨਸਿਕ ਸੱਟਾਂ ਵੀ ਛੱਡ ਜਾਂਦੇ ਹਨ। ਜਿਨ੍ਹਾਂ ਲੋਕਾਂ ਨੇ ਅਜਿਹੇ ਸਦਮੇ ਸਹਿਣ ਕੀਤੇ ਹਨ, ਉਨ੍ਹਾਂ ਲਈ ਇਹ ਮਹਿਜ਼ ਵਿੱਤੀ ਮੱਦਦ ਨਹੀਂ ਬਲਕਿ ਇੱਕ ਭਰੋਸਾ ਹੈ ਕਿ ਉਹ ਇਕੱਲੇ ਨਹੀਂ, ਪੰਜਾਬ ਸਰਕਾਰ ਡੱਟ ਕੇ ਉਨ੍ਹਾਂ ਦੇ ਨਾਲ ਖੜ੍ਹੀ ਹੈ I ਉਨ੍ਹਾਂ ਦੀ ਹਿੰਮਤ ਨੂੰ ਸਲਾਮ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਮਾਣ -ਸਤਿਕਾਰ ਅਤੇ ਆਸਾਂ -ਉਮੀਦਾਂ ਨਾਲ ਭਰਨ ਲਈ ਸਰਕਾਰ ਵਚਨਬੱਧ ਹੈ।”
Read More: ਆਰਬੀਯੂ ਨੇ ਲਾਈਫ ਸਾਇੰਸਜ਼, ਸਿਹਤ ਤੇ ਵਾਤਾਵਰਣ ਸਥਿਰਤਾ ‘ਤੇ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ




