ਚੰਡੀਗੜ੍ਹ, 21 ਜਨਵਰੀ 2026: ਪੰਜਾਬ ਸਰਕਾਰ ਨੇ ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ ਹੈ | ਮਾਨ ਸਰਕਾਰ ਮੁਤਾਬਕ ਇਹ ਸਹੂਲਤ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਰਿਵਾਰਕ ਸਹਾਇਤਾ ਤੋਂ ਵਾਂਝੇ ਬਜ਼ੁਰਗਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਰਿਹਾਇਸ਼ੀ ਦੇਖਭਾਲ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ‘ਸਤਿਕਾਰ ਘਰ’ ਪਹਿਲਕਦਮੀ ਤਹਿਤ ਬਜ਼ੁਰਗਾਂ ਲਈ ਮਾਨ ਸਰਕਾਰ ਸਮਰਪਿਤ ਰਿਹਾਇਸ਼ੀ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾ ਕੇ ਉਨ੍ਹਾਂ ਦੀਆਂ ਲੋੜਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।
ਪੰਜਾਬ ਦੇ ਮਾਨਸਾ ਵਿਖੇ 28 ਕਨਾਲਾਂ ‘ਚ ਫੈਲਿਆ ਸੀਨੀਅਰ ਸਿਟੀਜ਼ਨ ਹੋਮ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਸ ‘ਚ ਕੁੱਲ 72 ਬਜ਼ੁਰਗਾਂ ਦੇ ਠਹਿਰਨ ਦੀ ਸਮਰੱਥਾ ਹੈ। ਇਸ 3 ਮੰਜ਼ਿਲਾ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ ‘ਤੇ ਸਮਾਨ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ | ਇਸ ਇਮਾਰਤ ਦੀ ਹਰੇਕ ਮੰਜ਼ਿਲ ‘ਤੇ 7 ਕਮਰਿਆਂ ‘ਚ 24 ਬਜ਼ੁਰਗ ਠਹਿਰ ਸਕਦੇ ਹਨ। ਇਹ ਲੇਆਉਟ ਸਾਰੇ ਬਜ਼ੁਰਗਾਂ ਲਈ ਪਹੁੰਚਯੋਗਤਾ, ਆਰਾਮ ਅਤੇ ਠਹਿਰ ਦੀ ਸਮਾਨਤਾ ਨੂੰ ਯਕੀਨੀ ਬਣਾਉਂਦਾ ਹੈ।
ਇਨ੍ਹਾਂ ਬਜ਼ੁਰਗਾਂ ਲਈ ਨਿਰੰਤਰ ਦੇਖਭਾਲ ਨੂੰ ਯਕੀਨੀ ਬਣਾਉਣ ਲਈ 19 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜੋ ਦੇਖਭਾਲ, ਰੱਖ-ਰਖਾਅ ਅਤੇ ਪ੍ਰਬੰਧਕੀ ਲੋੜਾਂ ਨੂੰ ਕਵਰ ਕਰਨਗੇ। ਇਸ ਦੇ ਨਾਲ ਹੀ ਇਨ੍ਹਾਂ ਬਜ਼ੁਰਗਾਂ ਨੂੰ 24 ਘੰਟੇ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਉਣ ਲਈ ਆਊਟਸੋਰਸਡ ਸਟਾਫ਼ ਜ਼ਰੀਏ ਕਾਰਜਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।
Read More: ਪੰਜਾਬ ‘ਚ ਆਂਗਣਵਾੜੀ, ਪ੍ਰਾਇਮਰੀ ਤੇ ਪਲੇਅਵੇਅ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਇੱਕੋ ਸਿਲੇਬਸ




