ਚੰਡੀਗੜ੍ਹ, 20 ਅਕਤੂਬਰ 2023: ਕੈਨੇਡਾ ਦੇ ਸਿੱਖ/ਪੰਜਾਬੀ ਨਾਗਰਿਕਾਂ ਨੂੰ ਭਾਰਤ ਆਉਣ ਲਈ ਵੀਜ਼ਾ ਦੇਣ ਉੱਤੇ ਲੱਗੀਆਂ ਰੋਕਾਂ ਨੂੰ ਅਣਮਨੁੱਖੀ ਤੇ ਵਿਤਕਰੇ ਭਰਿਆਂ ਵਰਤਾਰਾ ਦੱਸਦਿਆਂ, ਕੇਂਦਰੀ ਸਿੰਘ ਸਭਾ ਦੇ ਨੁਮਾਇੰਦੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਐਨ.ਆਰ.ਆਈ ਮੰਤਰੀ ਕੁਦਲਦੀਪ ਸਿੰਘ ਧਾਲੀਵਾਲ ਨੂੰ ਮਿਲੇ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਹ ਮਸਲਾ ਤੁਰੰਤ ਕੇਂਦਰੀ ਸਰਕਾਰ ਕੋਲ ਉਠਾਏ ਅਤੇ ਰੋਕਾਂ ਦੂਰ ਕਰਵਾਏ।
ਕੇਂਦਰੀ ਸਿੰਘ ਸਭਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਬੋਧਤ ਮੰਗ ਪੱਤਰ ਵੀ ਮੰਤਰੀਆਂ ਦੇ ਸਪੁਰਦ ਕੀਤਾ। ਸਭਾ ਦੇ ਵਫਦ ਦੇ ਮੈਂਬਰਾਂ ਨੂੰ ਇਸ ਮਸਲੇ ਉੱਤੇ ਸੂਬਾ ਸਰਕਾਰ ਵੱਲੋਂ ਇਕ ਮਹੀਨੇ ਤੋਂ ਧਾਰੀ ਚੁੱਪ ਉੱਤੇ ਵੀ ਇਤਰਾਜ਼ ਪ੍ਰਗਟ ਕੀਤਾ। ਮੰਗ ਪੱਤਰ ਵਿੱਚ ਕਿਹਾ ਕਿ ਪਿਛਲੇ ਮਹੀਨੇ ਭਾਰਤ-ਕੈਨੇਡਾ ਦੇ ਕੂਟਨੀਤੀਕ ਸਬੰਧਾਂ ਵਿੱਚ ਆਏ ਤਨਾਓ ਤੋਂ ਬਾਅਦ ਭਾਰਤ ਨੇ 22 ਸਤੰਬਰ 2023 ਤੋਂ ਐਨ. ਆਰ. ਆਈ ਪੰਜਾਬੀ, ਖਾਸ ਕਰਕੇ ਸਿੱਖਾਂ ਨੂੰ ਭਾਰਤ ਆਉਣ ਲਈ ਵੀਜ਼ਾ ਦੇਣ ’ਤੇ ਰੋਕਾਂ ਲਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਿਰਫ 19 ਪੰਜਾਬੀਆਂ/ਸਿੱਖਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਸੀ, ਜਿਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਦੇਣ ਉੱਤੇ ਇਤਰਾਜ ਹੈ। ਪਰ ਭਾਰਤੀ ਸਫਾਰਤਖਾਨਿਆਂ ਅੰਦਰ ਸਮੁੱਚੇ ਪੰਜਾਬੀਆਂ ਨੂੰ ਵੀਜ਼ੇ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਪੰਜਾਬ ਨਾਲ ਜੁੜੇ ਹਜ਼ਾਰਾਂ ਪੰਜਾਬੀ ਪਹਿਲਾਂ ਉਲੀਕੇ ਵਿਆਹ-ਸ਼ਾਦੀ ਅਤੇ ਸਮਾਜਕ ਪ੍ਰਗਰਾਮਾਂ ਵਿੱਚ ਸ਼ਾਮਿਲ ਨਹੀਂ ਹੋ ਸਕੇ। ਸੈਕੜੇ ਪੰਜਾਬੀ ਆਪਣੇ ਸਕੇ-ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ ਅਤੇ ਇਉਂ ਉਹ ਮਾਨਸਿਕ ਪੀੜਾ ਦੇ ਸ਼ਿਕਾਰ ਹੋਏ। ਆਪਣੀ ਬੀਮਾਰੀ ਦੇ ਇਲਾਜ ਲਈ ਵੀ ਪੰਜਾਬੀ ਭਾਰਤ ਨਹੀਂ ਆ ਸਕੇ।
ਹੁਣ ਵੀਜ਼ਾ ਨਾ ਮਿਲਣ ਦੇ ਬਦਲ ਵੱਜੋਂ ਪੰਜਾਬੀ ਭਾਰਤੀ ਸਫਾਰਤਖਾਨਿਆਂ ਵਿੱਚੋਂ ਉਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ (ਓ.ਸੀ.ਆਈ ਕਾਰਡ) ਲੈਣ ਲਈ ਜ਼ੋਖਮ ਝੱਲ ਰਹੇ ਹਨ। ਇਹ ਕਾਰਡ ਲੈਣ ਲਈ ਪੰਜਾਬੀਆਂ ਨੂੰ ਦੋ ਦੋ ਦਿਨ ਲਗਾਤਾਰ ਕਤਾਰਾਂ ਵਿੱਚ ਖੜ੍ਹਾ ਹੋਣਾ ਪੈ ਰਿਹਾ ਹੈ। ਜਦੋਂ ਭਾਰਤੀ ਸਫਾਰਤਖਾਨਾ ਤੀਹ ਤੋਂ ਵੱਧ ਕਾਰਡ ਹਰ ਰੋਜ਼ ਜਾਰੀ ਨਹੀਂ ਕਰਦਾ। ਪੰਜਾਬ ਦੇ ਵਿਕਾਸ ਤੋਂ ਇਲਾਵਾ ਐਨ.ਆਰ.ਆਈ ਸਥਾਨਕ ਸਿਆਸਤ ਨੂੰ ਵੀ ਅਸਰ ਅੰਦਾਜ਼ ਕਰਦੇ ਹਨ।
ਇਸ ਕਰਕੇ, ਪੰਜਾਬ ਸਰਕਾਰ ਤੁਰੰਤ ਇਹ ਮਸਲਾ ਭਾਰਤ ਸਰਕਾਰ ਕੋਲ ਲੈ ਕੇ ਜਾਵੇ ਅਤੇ ਐਨ.ਆਰ.ਆਈ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਾਵੇ। ਸਿੰਘ ਸਭਾ ਦੇ ਵਫਦ ਵਿੱਚ ਡਾ. ਖੁਸ਼ਹਾਲ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਪੱਤਰਕਾਰ ਹਮੀਰ ਸਿੰਘ ਅਤੇ ਜਸਵੀਰ ਸਿੰਘ ਸਿਰੀ ਆਦਿ ਸ਼ਾਮਿਲ ਸਨ।