Government Jobs

ਪੰਜਾਬ ਸਰਕਾਰ ਨੇ 33 ਮਹੀਨਿਆਂ ‘ਚ ਨੌਜਵਾਨਾਂ ਨੂੰ ਲਗਭੱਗ 50 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ: ਅਮਨ ਅਰੋੜਾ

ਚੰਡੀਗੜ੍ਹ, 30 ਦਸੰਬਰ 2024: Government Jobs In Punjab:  ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਦੋ ਸਾਲਾਂ ਅਤੇ ਨੌਂ ਮਹੀਨਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਹੈ |

ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 33 ਮਹੀਨਿਆਂ ਦੌਰਾਨ ਨੌਜਵਾਨਾਂ ਨੂੰ 49,949 ਸਰਕਾਰੀ ਨੌਕਰੀਆਂ (Government Jobs) ਪ੍ਰਦਾਨ ਕੀਤੀਆਂ ਹਨ | ਇਸ ਤੋਂ ਇਲਾਵਾ, ਪ੍ਰਾਈਵੇਟ ਸੈਕਟਰ ‘ਚ 2,65,430 ਉਮੀਦਵਾਰਾਂ ਨੂੰ ਨੌਕਰੀਆਂ ਦਿਵਾਉਣ ‘ਚ ਮੱਦਦ ਕਰਨ ਲਈ ਪੰਜਾਬ ‘ਚ 4,725 ਤੋਂ ਵੱਧ ਪਲੇਸਮੈਂਟ ਕੈਂਪ ਲਗਾਏ ਗਏ।

ਪੰਜਾਬ ਹੁਨਰ ਵਿਕਾਸ ਮਿਸ਼ਨ ਨੇ 64,427 ਉਮੀਦਵਾਰਾਂ ਨੂੰ ਕੈਪਟਿਵ ਰੁਜ਼ਗਾਰਦਾਤਾਵਾਂ, ਸਰਕਾਰੀ ਅਤੇ ਪ੍ਰਾਈਵੇਟ ਹੁਨਰ ਸਿਖਲਾਈ ਏਜੰਸੀਆਂ ਰਾਹੀਂ ਆਟੋਮੋਟਿਵ ਮਸ਼ੀਨ ਆਪਰੇਟਰ, ਫਿਟਰ, ਐਡਵਾਂਸਡ ਰੈਸਪੀਰੇਟਰੀ ਥੈਰੇਪਿਸਟ, ਵੇਅਰਹਾਊਸ ਪੈਕਰ, ਜਨਰਲ ਡਿਊਟੀ ਸਹਾਇਕ, ਸੁਰੱਖਿਆ ਗਾਰਡ, ਕੋਰੀਅਰ ਡਿਲੀਵਰੀ ਐਗਜ਼ੀਕਿਊਟਿਵ, ਇਲੈਕਟ੍ਰੀਸ਼ੀਅਨ, ਬਿਊਟੀ ਥੈਰੇਪਿਸਟ, CNC ਆਪਰੇਟਰ, ਸੋਲਰ ਪੈਨਲ ਟੈਕਨੀਸ਼ੀਅਨ ਆਦਿ ਕੋਰਸਾਂ ‘ਚ ਹੁਨਰ ਸਿਖਲਾਈ ਦਿੱਤੀ ਗਈ, ਇਸ ਤੋਂ ਬਾਅਦ 47,821 ਉਮੀਦਵਾਰਾਂ ਨੂੰ ਰੁਜ਼ਗਾਰ ਮਿਲਿਆ ਹੈ।

ਮੰਤਰੀ ਨੇ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ‘ਚ 23,917 ਕੈਰੀਅਰ ਵਾਰਤਾਵਾਂ ਦਾ ਆਯੋਜਨ ਕੀਤਾ ਗਿਆ ਅਤੇ 8,56,874 ਉਮੀਦਵਾਰਾਂ ਨੂੰ ਕਰੀਅਰ ਗਾਈਡੈਂਸ ਦਿੱਤੀ ਗਈ। ਇਸ ਤੋਂ ਇਲਾਵਾ 1,373 ਸਵੈ-ਰੁਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਗਿਆ, ਇਸ ‘ਚ 1,77,049 ਬਿਨੈਕਾਰਾਂ ਨੂੰ ਸਵੈ-ਰੁਜ਼ਗਾਰ ਲਈ ਕਰਜ਼ੇ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਦਿੱਤਾ ਗਿਆ ਤਾਂ ਜੋ ਸੂਬੇ ‘ਚ ਸਵੈ-ਰੁਜ਼ਗਾਰ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ 74 ਕੈਡੇਟ ਰੱਖਿਆ ਸੇਵਾਵਾਂ ‘ਚ ਕਮਿਸ਼ਨਡ ਅਫਸਰ ਬਣ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ 64 ਕੈਡਿਟ ਸਿਖਲਾਈ ਅਕੈਡਮੀਆਂ ‘ਚ ਸ਼ਾਮਲ ਹੋ ਚੁੱਕੇ ਹਨ ਅਤੇ 12 ਕੈਡਿਟ ਕਾਲ ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਸਾਲ 24 ਅਕਤੂਬਰ ਨੂੰ ਹੋਈ ਐਨ.ਡੀ.ਏ.-153 ਕੋਰਸ ਦੀ ਮੈਰਿਟ ਸੂਚੀ ‘ਚ ਸੰਸਥਾ ਦੇ 12ਵੀਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਆਲ ਇੰਡੀਆ ਮੈਰਿਟ ‘ਚ ਪਹਿਲੇ ਅਤੇ ਕੈਡਿਟ ਕੇਸ਼ਵ ਸਿੰਗਲਾ ਆਲ ਇੰਡੀਆ ਮੈਰਿਟ ‘ਚ 15ਵੇਂ ਸਥਾਨ ‘ਤੇ ਰਹੇ |

ਟੈਕਨੀਕਲ ਐਂਟਰੀ ਸਕੀਮ (TES)-52 ਕੋਰਸਾਂ ਦੀ ਮੈਰਿਟ ਸੂਚੀ, ਜੋ ਕਿ 7 ਨਵੰਬਰ ਨੂੰ ਘੋਸ਼ਿਤ ਕੀਤੀ ਸੀ | ਇਸ ‘ਚ ਸੰਸਥਾ ਦੇ 12ਵੀਂ ਕੋਰਸ ਦੇ ਕੈਡਿਟ ਕਰਮਨ ਸਿੰਘ ਤਲਵਾੜ ਆਲ ਇੰਡੀਆ ਮੈਰਿਟ ‘ਚ ਦੂਜੇ ਸਥਾਨ ‘ਤੇ ਰਹੇ।

Read More: Punjab News: ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

Scroll to Top