ਚੰਡੀਗੜ੍ਹ, 4 ਜੁਲਾਈ 2024: ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਬੀਬੀਆਂ ਦੇ ਸ਼ਸਕਤੀਕਰਨ ਸੰਬੰਧੀ ਜ਼ਿਲ੍ਹਾ ਹੱਬ (District Hubs) ਦੀ ਸਥਾਪਨਾ ਕੀਤੀ ਹੈ | ਇਸਦੀ ਜਾਣਕਾਰੀ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਹੈ | ਪੰਜਾਬ ਸਰਕਾਰ ਮੁਤਾਬਕ ਸੂਬੇ ਦੀਆਂ ਬੀਬੀਆਂ ਦੀ ਭਲਾਈ, ਸੁਰੱਖਿਆ ਅਤੇ ਸਿਹਤ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈਂ ਸਕੀਮਾਂ ਚਲਾਈਆਂ ਹਨ |
ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਹੱਬ (District Hubs) ਪੇਂਡੂ ਬੀਬੀਆਂ ਨੂੰ ਆਪਣੇ ਹੱਕ ਦਾ ਲਾਭ ਉਠਾਉਣ ਲਈ ਜਾਗਰੂਕ ਕਰੇਗਾ | ਇਹ ਬੀਬੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਲਾਭ ਲੈਣ ਲਈ ਸਰਕਾਰ ਨਾਲ ਇਕ ਕੜੀ ਦਾ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਪਹਿਲੇ ਬੱਚੇ ਮੁੰਡਾ ਜਾਂ ਕੁੜੀ ਅਤੇ ਦੂਜਾ ਬੱਚਾ ਸਿਰਫ ਕੁੜੀ ਦੇ ਜਨਮ ਤੇ ਯੋਗ ਲਾਭਪਾਤਰੀ ਬੀਬੀਆਂ ਨੂੰ 5000 ਰੁਪਏ ਅਤੇ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ |
ਇਸਦੇ ਨਾਲ ਹੀ ਸਖੀ ਵਨ ਸਟਾਪ ਸੈਂਟਰ ਸਕੀਮ ਤਹਿਤ ਹਿੰਸਾ ਪੀੜਤ ਬੀਬੀਆਂ ਨੂੰ ਮੁਫ਼ਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਅਗਲੇ ਹਫਤੇ ਤੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਸੰਬੰਧੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਜਾਵੇਗਾ ਅਤੇ 4 ਅਕਤੂਬਰ 2024 ਤੱਕ ਜਾਰੀ ਰਹੇਗਾ |