ਪੰਜਾਬ ਸਰਕਾਰ ਨੇ ਰੀਅਲ ਅਸਟੇਟ ਸੈਕਟਰ ‘ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਲਈ ਸੈਕਟਰ-ਵਿਸ਼ੇਸ਼ ਕਮੇਟੀ ਬਣਾਈ

ਚੰਡੀਗੜ੍ਹ 10 ਅਕਤੂਬਰ 2025: ਪੰਜਾਬ ਸਰਕਾਰ (punjab sarkar) ਨੇ ਸੂਬੇ ਦੇ ਰੀਅਲ ਅਸਟੇਟ ਸੈਕਟਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਇੱਕ ਸੈਕਟਰ-ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ ਇਹ ਕਮੇਟੀ ਸਰਕਾਰ ਅਤੇ ਰੀਅਲ ਅਸਟੇਟ ਉਦਯੋਗ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਹਾਰਕ ਅਤੇ ਵਿਕਾਸ-ਮੁਖੀ ਰੋਡਮੈਪ ਵਿਕਸਤ ਕਰੇਗੀ। ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਸਥਾਪਿਤ ਇਸ ਕਮੇਟੀ ਦਾ ਉਦੇਸ਼ ਪੰਜਾਬ ਵਿੱਚ ਇੱਕ ਆਧੁਨਿਕ, ਪਾਰਦਰਸ਼ੀ ਅਤੇ ਨਿਵੇਸ਼-ਅਨੁਕੂਲ ਰੀਅਲ ਅਸਟੇਟ ਵਾਤਾਵਰਣ ਬਣਾਉਣ ਲਈ ਨੀਤੀਗਤ ਸਿਫਾਰਸ਼ਾਂ ਪ੍ਰਦਾਨ ਕਰਨਾ ਹੈ।

ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ, ਪੰਜਾਬ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ, ਰੀਅਲ ਅਸਟੇਟ ਸੈਕਟਰ ਦੇ ਮੁੱਖ ਹਿੱਸੇਦਾਰਾਂ ਦੇ ਸਰਗਰਮ ਸਹਿਯੋਗ ਨਾਲ ਇੱਕ ਸ਼ਾਨਦਾਰ ਨੀਤੀ ਮਾਡਲ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਸੈਕਟਰ ਵਿੱਚ ਟਿਕਾਊ ਵਿਕਾਸ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨਿਵੇਸ਼-ਅਨੁਕੂਲ ਵਾਤਾਵਰਣ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ,  ਦੀਪਕ ਗਰਗ (ਡਾਇਰੈਕਟਰ, ਮਾਰਬੇਲਾ ਗਰੁੱਪ) ਨੂੰ ਚੇਅਰਪਰਸਨ ਅਤੇ  ਰੁਪਿੰਦਰ ਸਿੰਘ ਚਾਵਲਾ (ਐਮਡੀ, ਸੀਈਈ ਈਐਨਐਨ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ) ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦੇ ਮੈਂਬਰਾਂ ਵਿੱਚ ਉਮੰਗ ਜਿੰਦਲ (ਸੀਈਓ, ਹੋਮਲੈਂਡ ਗਰੁੱਪ); ਸ਼੍ਰੀ ਸੁਖਦੇਵ ਸਿੰਘ (ਡਾਇਰੈਕਟਰ, ਏਜੀਆਈ ਗਰੁੱਪ); ਸ਼੍ਰੀ ਪ੍ਰਦੀਪ ਕੁਮਾਰ ਬਾਂਸਲ (ਡਾਇਰੈਕਟਰ, ਐਚਐਲਪੀ ਗਰੁੱਪ), ਬਲਜੀਤ ਸਿੰਘ (ਡਾਇਰੈਕਟਰ, ਜੁਬਲੀ ਗਰੁੱਪ), ਦੀਪਕ ਮਖੀਜਾ (ਬਿਜ਼ਨਸ ਹੈੱਡ, ਪੰਜਾਬ, ਏਮਾਰ ਗਰੁੱਪ) ,ਰੁਪਿੰਦਰ ਸਿੰਘ ਗਿੱਲ (ਐਮਡੀ, ਗਿਲਸਨ ਕੰਸਟ੍ਰਕਸ਼ਨ ਲਿਮਟਿਡ); ਸ਼੍ਰੀ ਰੋਹਿਤ ਸ਼ਰਮਾ (ਕਾਰਜਕਾਰੀ ਡਾਇਰੈਕਟਰ, ਡੀਐਲਐਫ ਗਰੁੱਪ);
ਕੇ.ਕੇ. ਸ਼ਰਮਾ ‘ਕੁੱਕੂ’ (ਡਾਇਰੈਕਟਰ, ਐਸਜੀ ਗਰੁੱਪ), ਮਹਿੰਦਰ ਗੋਇਲ (ਚੇਅਰਮੈਨ, ਐਫਿਨਿਟੀ ਗਰੁੱਪ) ਅਤੇਵਰੁਣ ਧਾਮ (ਡਾਇਰੈਕਟਰ, ਕੇਐਲਵੀ ਬਿਲਡਰਜ਼) ਮੈਂਬਰ ਹੋਣਗੇ, ਜਦੋਂ ਕਿ ਅਮਰਿੰਦਰ ਸਿੰਘ ਮੱਲ੍ਹੀ, ਏਸੀਏ, ਗਮਾਡਾ, ਮੈਂਬਰ ਸਕੱਤਰ ਵਜੋਂ ਸੇਵਾ ਨਿਭਾਉਣਗੇ।

Read More: ਨਸ਼ਾ ਛੱਡਣ ਵਾਲੇ ਲੋਕਾਂ ਨੂੰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇਗੀ ਪੰਜਾਬ ਸਰਕਾਰ

Scroll to Top