ਚੰਡੀਗੜ੍ਹ, 06 ਅਗਸਤ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲੋਕਾਂ ਨੂੰ ‘ਫੂਡ ਸੇਫਟੀ ਔਨ ਵ੍ਹੀਲਜ਼’ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ, ਜਿਸਦਾ ਹੁਣ ਸਾਰੇ ਜ਼ਿਲ੍ਹਿਆਂ ‘ਚ ਵਿਸਥਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ‘ਫੂਡ ਸੇਫਟੀ ਔਨ ਵ੍ਹੀਲਜ਼’ ਮੋਬਾਈਲ ਫੂਡ ਟੈਸਟਿੰਗ ਵੈਨਾਂ ਹਨ ਜੋ ਦੁੱਧ, ਪਨੀਰ, ਪਾਣੀ ਅਤੇ ਹੋਰ ਰੋਜ਼ਾਨਾ ਦੀਆਂ ਵਸਤੂਆਂ ਸਮੇਤ ਭੋਜਨ ਦੀਆਂ ਮੁੱਖ ਸ਼੍ਰੇਣੀਆਂ ‘ਚ ਮਿਲਾਵਟ ਦੀ ਜਾਂਚ ਕਰਨ ਲਈ ਲੈਸ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਵੈਨਾਂ ਭੋਜਨ ‘ਚ ਮਿਲਾਵਟ ਵਿਰੁੱਧ ਸਾਡੀ ਲੜਾਈ ‘ਚ ਇੱਕ ਮਹੱਤਵਪੂਰਨ ਸਾਧਨ ਹਨ – ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਭੋਜਨ ਦੀ ਜਾਂਚ ਕਰਵਾਉਣ। ਪੰਜਾਬ ਦੇ ਸਿਹਤ ਮੰਤਰੀ ਪੰਜਾਬ ਭਵਨ ਵਿਖੇ ‘ਇਫ ਇਟਸ ਨੌਟ ਸੇਫ, ਇਟਸ ਨੌਟ ਫੂਡ’ ਦੇ ਸਲੋਗਨ ਵਾਲੀ ਪ੍ਰੈਸ ਕਾਨਫਰੰਸਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਨਾਲ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਦਿਲਰਾਜ ਸਿੰਘ, ਡਾਇਰੈਕਟਰ ਲੈਬਜ਼ ਰਵਨੀਤ ਕੌਰ ਅਤੇ ਸੰਯੁਕਤ ਕਮਿਸ਼ਨਰ ਫੂਡ ਸੇਫਟੀ ਡਾ. ਅਮਿਤ ਜੋਸ਼ੀ ਵੀ ਸਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ, ਵਿਭਾਗ ਵੱਲੋਂ ਕੁੱਲ 18,559 ਇਨਫੋਰਸਮੈਂਟ ਸੈਂਪਲ ਅਤੇ 12,178 ਨਿਗਰਾਨੀ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ, ‘ਫੂਡ ਸੇਫਟੀ ਆਨ ਵ੍ਹੀਲਜ਼’ ‘ਤੇ ਹੁਣ ਤੱਕ 13,000 ਤੋਂ ਵੱਧ ਸੈਂਪਲਾਂ ਦੀ ਮਿਲਾਵਟ ਲਈ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਸ਼੍ਰੇਣੀਆਂ ‘ਚ ਪਨੀਰ, ਘਿਓ, ਦੁੱਧ, ਮਸਾਲੇ, ਫਲ ਅਤੇ ਸਬਜ਼ੀਆਂ, ਮਠਿਆਈਆਂ, ਖੋਆ ਆਦਿ ਸ਼ਾਮਲ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਫ.ਡੀ.ਏ. ਅਧਿਕਾਰੀਆਂ ਨੂੰ ਇਨ੍ਹਾਂ ਫੂਡ ਸੇਫਟੀ ਵੈਨਾਂ ਦੀ ਪੂਰੀ ਸਮਰੱਥਾ ਨਾਲ ਵਰਤੋਂ ਕਰਨ ਅਤੇ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ‘ਚ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਅਤੇ ਵਿਭਾਗ ਦੀਆਂ ਸਾਰੀਆਂ ਨੀਤੀਆਂ ਨੂੰ ਲਗਨ ਨਾਲ ਲਾਗੂ ਕਰਨ ਲਈ ਕਿਹਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ‘ਸ਼ੁੱਧ ਮਨ ਅਤੇ ਸਿਹਤਮੰਦ ਸਰੀਰ’ ਸਿਰਫ਼ ‘ਸ਼ੁੱਧ ਭੋਜਨ’ ਨਾਲ ਹੀ ਸੰਭਵ ਹੈ।
ਉਨ੍ਹਾਂ ਦੱਸਿਆ ਕਿ ਅਦਾਲਤ ਨੇ ਪਿਛਲੇ 5 ਸਾਲਾਂ ‘ਚ ਮਿਲਾਵਟ ਦੇ 145 ਮਾਮਲਿਆਂ ‘ਚ 6 ਮਹੀਨੇ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਫੂਡ ਬਿਜ਼ਨਸ ਆਪਰੇਟਰਾਂ ਨੂੰ ਕੁੱਲ 3.17 ਲੱਖ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਜਾਰੀ ਕੀਤੇ ਹਨ ਅਤੇ ਸਟ੍ਰੀਟ ਫੂਡ ਵਿਕਰੇਤਾਵਾਂ ਸਮੇਤ ਸਾਰੇ ਐਫ.ਬੀ.ਓ. ਨੂੰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨਾਲ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਐਫ.ਡੀ.ਏ. ਦੁਆਰਾ ਲਗਭਗ 500 ਜਾਗਰੂਕਤਾ ਕੈਂਪ ਲਗਾਏ ਗਏ ਹਨ ਜਿਸ ‘ਚ 55000 ਤੋਂ ਵੱਧ ਵਿਅਕਤੀਆਂ ਨੂੰ ਸਫਾਈ, ਸਿਹਤਮੰਦ ਖਾਣ-ਪੀਣ ਅਤੇ ਭੋਜਨ ਸੁਰੱਖਿਆ ਅਭਿਆਸਾਂ ਬਾਰੇ ਸਿਖਲਾਈ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ, ਲੋਕਾਂ ਨੂੰ ਭੋਜਨ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਰਾਜ ‘ਚ ਸਿਹਤਮੰਦ ਖਾਣ-ਪੀਣ ਬਾਰੇ 13 ਮੇਲੇ ਲਗਾਏ ਗਏ ਹਨ। ਇਸ ਤੋਂ ਇਲਾਵਾ, ਈਟ ਰਾਈਟ ਕੈਂਪਸ, ਮੰਡੀਆਂ, ਸਟ੍ਰੀਟ ਫੂਡ ਹੱਬ ਆਦਿ ਖੇਤਰਾਂ ‘ਚ 150 ਸਰਟੀਫਿਕੇਸ਼ਨ ਪ੍ਰਾਪਤ ਕੀਤੇ ਹਨ।
Read More: Ludhiana News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਲੁਧਿਆਣਾ ਦੌਰਾ ਰੱਦ