Punjab News

ਪੰਜਾਬ ਸਰਕਾਰ ਨੇ ਚੌਥੇ ਦਿਨ ਹੜ੍ਹ ਪੀੜਤਾਂ ਨੂੰ 17 ਕਰੋੜ ਰੁਪਏ ਦਾ ਮੁਆਵਜ਼ਾ ਰਾਸ਼ੀ ਵੰਡੀ

ਚੰਡੀਗੜ੍ਹ, 15 ਨਵੰਬਰ 2025: ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹਾਂ ਅਤੇ ਮੀਂਹ ਪ੍ਰਭਾਵਿਤ ਲੋਕਾਂ ਲਈ ਰਾਹਤ ਰਾਸ਼ੀ ਵੰਡ ਦੀ ਪ੍ਰੀਕਿਰਿਆ ਜਾਰੀ ਹੈ | ਬੀਤੇ ਦਿਨ ਪੰਜਾਬ ਦੇ ਜ਼ਿਲ੍ਹਿਆਂ ‘ਚ ਕਰਵਾਏ ਸਮਾਗਮ ਦੌਰਾਨ 17 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਨੂੰ ਵੰਡੀ ਗਈ।

ਪੰਜਾਬ ਦੇ ਕੈਬਨਿਟ ਮੰਤਰੀਹਰਜੋਤ ਸਿੰਘ ਬੈਂਸ ਨੇ ਪਿੰਡ ਜ਼ਿੰਦਵੜੀ ‘ਚ ਹੋਏ ਫਸਲ ਮੁਆਵਜ਼ਾ ਵੰਡ ਸਮਾਗਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਹੜ੍ਹ ਪੀੜਤਾਂ ਨੂੰ ਕਰੀਬ 2 ਕਰੋੜ 26 ਲੱਖ ਰੁਪਏ ਦਾ ਫਸਲ ਮੁਆਵਜ਼ਾ ਵੰਡਿਆ।

ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀਆਂ ਸਬ-ਡਿਵੀਜ਼ਨਾਂ ਨੇ ਵੰਡੇ ਮੁਆਵਜ਼ੇ ਦਾ ਵੇਰਵਾ ਸਾਂਝਾ ਕੀਤਾ। ਬੀਤੇ ਦਿਨ 70 ਕਿਸਾਨਾਂ ਨੂੰ 72,12,000 ਰੁਪਏ ਸਬ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ, 101 ਕਿਸਾਨਾਂ ਨੂੰ 58,89,000 ਰੁਪਏ ਸਬ-ਡਿਵੀਜ਼ਨ ਨੰਗਲ ਵੱਲੋਂ ਅਤੇ 35 ਕਿਸਾਨਾਂ ਨੂੰ 89,68,000 ਰੁਪਏ ਸਬ ਡਵੀਜ਼ਨ ਰੂਪਨਗਰ ਵੱਲੋਂ ਮੁਆਵਜ਼ੇ ਵਜੋਂ ਵੰਡੇ ।

ਇਸਦੇ ਨਾਲ ਹੀ ਅੰਮ੍ਰਿਤਸਰ ਦੇ ਅਜਨਾਲਾ ਖੇਤਰ ‘ਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 1330 ਕਿਸਾਨਾਂ ਨੂੰ 5.86 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡੀ | ਸਰਕਾਰ ਮੁਤਾਬਕ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਭੈਣੀ ਕਾਦਰ ਬਖ਼ਸ਼ ਤੇ ਪੱਸਣ ਕਦੀਮ ਦੇ ਲੋਕਾਂ ਨੂੰ 40 ਲੱਖ ਰੁਪੈ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ।

ਸਰਕਾਰ ਮੁਤਾਬਕ ਮਿਸਨ ਚੜ੍ਹਦੀ ਕਲਾ ਅਧੀਨ ਬੀਤੇ ਦਿਨ 380 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਣ ਲਈ ਤਲਵੰਡੀ ਸਾਬੋ ਅਤੇ ਮੌੜ ਵਿਖੇ ਸਮਾਗਮ ਕਰਵਾਇਆ ਗਿਆ। ਚੀਫ ਵਿੱਪ ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਵਿਖੇ ਕਰਵਾਏ ਸਮਾਗਮ ਦੌਰਾਨ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 80 ਵਿਅਕਤੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ।

ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਮੌੜ ਹਲਕੇ ‘ਚ ਭਾਰੀ ਮੀਂਹ ਜਾਂ ਹੜ੍ਹ ਵਰਗੇ ਹਲਾਤ ਨਾਲ ਪ੍ਰਭਾਵਿਤ 300 ਲੋਕਾਂ ਨੂੰ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ। ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ 17 ਪਿੰਡਾਂ ‘ਚ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਕਰੀਬ 1350 ਲਾਭਪਾਤਰੀਆਂ ਨੂੰ 5.83 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਜਾਰੀ ਕੀਤੇ।

ਫਿਰੋਜ਼ਪੁਰ ਸ਼ਹਿਰੀ ਤੋਂ ਰਣਬੀਰ ਸਿੰਘ ਭੁੱਲਰ ਵੱਲੋਂ ਪਿੰਡ ਕਾਮਲ ਵਾਲਾ ( ਮੁੱਠਿਆਂਵਾਲਾ) ਅਤੇ ਬਾਲਾ ਮੇਘਾ ਵਿਖੇ ਪਹੁੰਚ ਕੇ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ 1 ਕਰੋੜ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਵਿਖੇ ਕਿਸਾਨਾਂ ਨੂੰ 1 ਕਰੋੜ 57 ਲੱਖ ਦੀ ਮੁਆਵਜਾ ਰਾਸ਼ੀ ਵੰਡੀ।

ਜਿਕਰਯੋਗ ਹੈ ਕਿ ਨੁਕਸਾਨੇ ਘਰਾਂ ਲਈ ਵਿੱਤੀ ਸਹਾਇਤਾ 6,500 ਰੁਪਏ ਤੋਂ ਵਧਾ ਕੇ 40,000 ਰੁਪਏ ਪ੍ਰਤੀ ਘਰ ਕਰ ਦਿੱਤੀ ਹੈ ਜਦਕਿ ਫ਼ਸਲ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 20,000 ਰੁਪਏ ਦਿੱਤੇ ਜਾ ਰਹੇ ਹਨ, ਜੋ ਦੇਸ਼ ‘ਚ ਹੁਣ ਤੱਕ ਦਿੱਤਾ ਸਭ ਤੋਂ ਵੱਧ ਫ਼ਸਲੀ ਮੁਆਵਜ਼ਾ ਹੈ।

ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਲਈ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਦੁਧਾਰੂ ਪਸ਼ੂ 37,500 ਰੁਪਏ, ਪ੍ਰਤੀ ਗ਼ੈਰ-ਦੁਧਾਰੂ ਪਸ਼ੂ 32,000 ਰੁਪਏ, ਪ੍ਰਤੀ ਵੱਛਾ 20,000 ਰੁਪਏ ਅਤੇ ਪ੍ਰਤੀ ਪੋਲਟਰੀ ਪੰਛੀ 100 ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

Read More: ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੀਜੇ ਦਿਨ 6 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਵੰਡੀ

Scroll to Top