Pension

Pension: ਪੰਜਾਬ ਸਰਕਾਰ ਨੇ ਲਗਭੱਗ 34.09 ਲੱਖ ਲਾਭਪਾਤਰੀਆਂ ਨੂੰ ਨਵੰਬਰ 2024 ਤੱਕ 4532.60 ਕਰੋੜ ਰੁਪਏ ਦੀ ਪੈਨਸ਼ਨ ਵੰਡੀ

ਚੰਡੀਗੜ੍ਹ, 27 ਦਸੰਬਰ 2024: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਭਰ ‘ਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਤੰਦਰੁਸਤੀ, ਸਸ਼ਕਤੀਕਰਨ ਅਤੇ ਸਿਹਤ ਸੇਵਾਵਾਂ ਲਈ ਪੰਜਾਬ ਸਰਕਾਰ ਵੱਲੋਂ ਸਾਲ 2024 ‘ਚ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਹੈ | ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਲਾਭਪਾਤਰੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ(Pension) ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਨਵੰਬਰ 2024 ਤੱਕ ਲਗਭਗ 34.09 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਜਾ ਚੁੱਕੀ ਹੈ, ਜਿਸ ‘ਚੋਂ 4532.60 ਕਰੋੜ ਰੁਪਏ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ ਰਾਹੀਂ ਪਾਰਦਰਸ਼ੀ ਢੰਗ ਨਾਲ ਵੰਡੇ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਸਕੀਮ ਦਾ ਉਦੇਸ਼ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ | ਹਰ ਮਹੀਨੇ 1 ਕਰੋੜ ਤੋਂ ਵੱਧ ਮਹਿਲਾਵਾਂ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 2 ਦਸੰਬਰ 2024 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ “ਸਿਹਤ, ਸਫਾਈ ਅਤੇ ਜਾਗਰੂਕਤਾ ਕੈਂਪ” ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵਿਸਥਾਰ ਸਾਰੇ ਜ਼ਿਲ੍ਹਿਆਂ ‘ਚ ਕੀਤਾ ਜਾਵੇਗਾ।

ਸ੍ਰੀ ਮੁਕਤਸਰ ਸਾਹਿਬ ਕੈਂਪ ‘ਚ ਸੱਤ ਕੰਪਨੀਆਂ ਨੇ ਭਾਗ ਲਿਆ, ਜਿੱਥੇ 209 ਔਰਤਾਂ ਦੀ ਇੰਟਰਵਿਊ ਲਈ ਜਿਨ੍ਹਾਂ ‘ਚ 134 ਨੂੰ ਸ਼ਾਰਟਲਿਸਟ ਕੀਤਾ ਗਿਆ ਅਤੇ 28 ਨੂੰ ਨੌਕਰੀਆਂ ‘ਤੇ ਰੱਖਿਆ । ਇਸ ਤੋਂ ਇਲਾਵਾ ਕੈਂਪਾਂ ‘ਚ ਮਹਿਲਾਵਾਂ ਦੀ ਮੁਫ਼ਤ ਸਿਹਤ ਜਾਂਚ, ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ |

ਬਰਨਾਲਾ ਜ਼ਿਲ੍ਹੇ ‘ਚ ਲਗਾਏ ਕੈਂਪ ‘ਚ 370 ਤੋਂ ਵੱਧ ਮਹਿਲਾ ਉਮੀਦਵਾਰਾਂ ਨੇ 12 ਕੰਪਨੀਆਂ ‘ਚ ਨੌਕਰੀ ਲਈ ਇੰਟਰਵਿਊ ਲਈ ਹਾਜ਼ਰੀ ਭਰੀ। ਇਸ ਪ੍ਰੋਗਰਾਮ ਦੌਰਾਨ 88 ਮਹਿਲਾਵਾਂ ਨੇ ਆਈ.ਬੀ.ਐਮ. ਅਤੇ ਮਾਈਕਰੋਸਾਫਟ ਦੁਆਰਾ ਪੇਸ਼ ਕੀਤੇ ਮੁਫਤ ਸਿਖਲਾਈ ਪ੍ਰੋਗਰਾਮਾਂ ਲਈ ਰਜਿਸਟਰ ਕੀਤਾ ਹੈ। ਕੈਂਪ ‘ਚ ਬੈਂਕਿੰਗ ਅਤੇ ਬੀਮਾ, ਟੈਕਸਟਾਈਲ, ਕੰਪਿਊਟਰ ਅਤੇ ਕਾਸਮੈਟਿਕਸ ਵਰਗੇ ਖੇਤਰਾਂ ਦੀਆਂ ਕੰਪਨੀਆਂ ਨੇ ਭਾਗ ਲਿਆ। ਇਸ ਦੌਰਾਨ ਵਜੋਂ 241 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਅਤੇ ਅੱਠ ਜਣਿਆਂ ਨੂੰ ਮੌਕੇ ‘ਤੇ ਹੀ ਨਿਯੁਕਤੀ ਪੱਤਰ ਸੌਂਪੇ ਗਏ।

ਗੁਰਦਾਸਪੁਰ ‘ਚ ਲਗਾਏ ਮੈਗਾ ਪਲੇਸਮੈਂਟ ਕੈਂਪ ‘ਚ 465 ਮਹਿਲਾਵਾਂਨੇ ਭਾਗ ਲਿਆ ਅਤੇ 356 ਔਰਤਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਮੌਕੇ ‘ਤੇ ਇੰਟਰਵਿਊ ਰਾਹੀਂ ਵੱਖ-ਵੱਖ ਅਸਾਮੀਆਂ ਲਈ ਚੁਣਿਆ । ਅਧਿਕਾਰੀਆਂ ਨੇ ਵੇਅਰਹਾਊਸ ਕਲਰਕ, ਮਸ਼ੀਨ ਆਪਰੇਟਰ, ਟੈਲੀਕਾਲਰ, ਕੰਪਿਊਟਰ ਆਪਰੇਟਰ, ਸੁਰੱਖਿਆ ਗਾਰਡ, ਵੇਅਰਹਾਊਸ ਪੈਕਰ, ਬੀਮਾ ਸਲਾਹਕਾਰ, ਲੋਨ ਸਲਾਹਕਾਰ ਅਤੇ ਵੈਲਨੈਸ ਐਡਵਾਈਜ਼ਰਵਰਗੇ ਅਹੁਦਿਆਂ ਲਈ ਔਰਤਾਂ ਦੀ ਇੰਟਰਵਿਊ ਕੀਤੀ।

ਇਸਦੇ ਨਾਲ ਹੀ ਤਰ੍ਹਾਂ ਹੁਸ਼ਿਆਰਪੁਰ ਵਿਖੇ ਲਗਾਏ ਮੈਗਾ ਪਲੇਸਮੈਂਟ ਕੈਂਪ ਦੌਰਾਨ ਕੰਪਨੀਆਂ ਨੇ 400 ਅਸਾਮੀਆਂ ਭਰਨ ਦਾ ਟੀਚਾ ਰੱਖਿਆ। 1500 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ 204 ਨੂੰ ਮੌਕੇ ‘ਤੇ ਨਿਯੁਕਤ ਕੀਤਾ ਗਿਆ ਅਤੇ 412 ਨੂੰ ਇੰਟਰਵਿਊ ਦੇ ਅੰਤਿਮ ਦੌਰ ਲਈ ਸ਼ਾਰਟਲਿਸਟ ਕੀਤਾ ਗਿਆ।

ਇਸ ਤੋਂ ਇਲਾਵਾ 54 ਉਮੀਦਵਾਰਾਂ ਨੇ ਆਈ.ਬੀ.ਐਮ. ਅਤੇ ਮਾਈਕਰੋਸਾਫਟ ਪ੍ਰੋਗਰਾਮਾਂ ਲਈ ਰਜਿਸਟਰ ਕਰਵਾਇਆ, ਜਦੋਂ ਕਿ 57 ਉਮੀਦਵਾਰ ਰੈੱਡ ਕਰਾਸ ਪਹਿਲਕਦਮੀਆਂ ਲਈ ਰਜਿਸਟਰ ਹੋਏ ਹਨ। ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਨੇ ਵੀ ਪ੍ਰੋਗਰਾਮ ਦੌਰਾਨ ਸਵੈ-ਰੁਜ਼ਗਾਰ ਲਈ ਉਪਲਬੱਧ ਕਰਜ਼ਾ ਸਹੂਲਤਾਂ ਬਾਰੇ ਜਾਗਰੂਕਤਾ ਪੈਦਾ ਕੀਤੀ।

ਕੈਬਿਨਟ ਮੰਤਰੀ ਨੇ ਦੱਸਿਆ ਕਿ ਮਾਤਰੂ ਵੰਦਨਾ ਯੋਜਨਾ ਤਹਿਤ ਇਸ ਸਾਲ ਦੇ ਸ਼ੁਰੂ ‘ਚ 52,229 ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ 25 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ। ਦਸੰਬਰ ‘ਚ 76,895 ਲਾਭਪਾਤਰੀਆਂ ਨੂੰ 23.55 ਕਰੋੜ ਰੁਪਏ ਦਿੱਤੇ ਗਏ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਸੂਬੇ ‘ਚ ਮਾਂ ਅਤੇ ਬੱਚੇ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।

ਕੈਬਨਿਟ ਮੰਤਰੀ ਨੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਰਿਪੋਰਟ ਰਾਹੀਂ ਪੰਜਾਬ ਭਰ ‘ਚ ਕੁਪੋਸ਼ਣ ਦੀਆਂ ਦਰਾਂ ‘ਚ ਕਮੀ ਨੂੰ ਉਜਾਗਰ ਕੀਤਾ। 2022 ਤੋਂ 2024 ਤੱਕ ਵਿਭਾਗ ਦੇ ਯਤਨਾਂ ਸਦਕਾ ਸਟੰਟਿੰਗ 22.08 ਫੀਸਦੀ ਤੋਂ ਘਟ ਕੇ 17.65 ਫੀਸਦੀ, ਬਰਬਾਦੀ 9.54 ਫੀਸਦੀ ਤੋਂ 3.17 ਫੀਸਦੀ ਅਤੇ ਘੱਟ ਵਜ਼ਨ ਦੀ ਦਰ 13.58 ਫੀਸਦੀ ਤੋਂ ਘਟ ਕੇ 5.57 ਫੀਸਦੀ ਰਹਿ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ‘ਹੱਬ ਫਾਰ ਏਮਪਾਵਰਮੈਂਟ ਆਫ ਵੂਮੈਨ’ ਪਹਿਲਕਦਮੀ ਤਹਿਤ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਸ਼ਾਖਾਵਾਂ ਸਥਾਪਿਤ ਕੀਤੀਆਂ ਹਨ। ਇਨ੍ਹਾਂ ਸ਼ਾਖਾਵਾਂ ਦਾ ਉਦੇਸ਼ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਹੈ।

Read More: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਹਿਰੀ ਪਾਣੀ ਦੇ ਢਾਂਚੇ ਦੀ ਕੀਤੀ ਕਾਇਆ ਕਲਪ

Scroll to Top