ਚੰਡੀਗੜ੍ਹ, 30 ਜੁਲਾਈ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ‘ਚ ਹਿੱਸਾ ਲੈਣ ਵਾਲੇ ਹੋਰ ਸੂਬਿਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਬਕਾਏ ਦੀ ਵਸੂਲੀ ਲਈ ਠੋਸ ਕਦਮ ਚੁੱਕ ਰਹੀ ਹੈ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਆਲੋਚਨਾ ਕੀਤੀ ਹੈ, ਉਨ੍ਹਾਂ ਕਿਹਾ ਕਿ ਬੀਬੀਐਮਬੀ ‘ਚ ਪੰਜਾਬ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਨੇ ਦੂਜੇ ਸੂਬਿਆਂ ਨੂੰ ਆਪਣੇ ਨਿਰਧਾਰਤ ਹਿੱਸੇ ਤੋਂ ਵੱਧ ਪਾਣੀ ਪ੍ਰਾਪਤ ਕਰਨ ਅਤੇ ਸਮੇਂ ਸਿਰ ਬਕਾਏ ਦਾ ਭੁਗਤਾਨ ਨਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਗੰਭੀਰ ਮੁੱਦੇ ਉਨ੍ਹਾਂ ਸੂਬਿਆਂ ਕੋਲ ਉਠਾਏ ਹਨ, ਜਿਨ੍ਹਾਂ ਸੂਬਿਆਂ ਕੋਲ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਬੀਬੀਐਮਬੀ ਨਾਲ ਸਬੰਧਤ ਪੰਜਾਬ ਦੇ ਲੰਬੇ ਸਮੇਂ ਤੋਂ ਲਟਕ ਰਹੇ ਬਕਾਏ 113.24 ਕਰੋੜ ਰੁਪਏ ਹਨ ਅਤੇ ਹੁਣ ਇਸਨੂੰ ਅਧਿਕਾਰਤ ਤੌਰ ‘ਤੇ ਹਰਿਆਣਾ ਸਰਕਾਰ ਨੂੰ ਨਿਪਟਾਰੇ ਲਈ ਭੇਜਿਆ ਗਿਆ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਸਬੰਧਤ ਪੰਜਾਬ ਅਧਿਕਾਰੀਆਂ ਦੁਆਰਾ ਕੀਤੀ ਸਮੀਖਿਆ ਪ੍ਰਕਿਰਿਆ ਨੇ ਇਨ੍ਹਾਂ ਬਕਾਏ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਬਕਾਇਆ ਰਕਮ ‘ਚ ਐਕਸੀਅਨ ਬੀਐਮਐਲ ਨਹਿਰ ਡਿਵੀਜ਼ਨ, ਪਟਿਆਲਾ ਨੂੰ 103.92 ਕਰੋੜ ਰੁਪਏ ਅਤੇ ਐਕਸੀਅਨ, ਇਸਦੇ ਨਾਲ ਹੀ ਮਾਨਸਾ ਨਹਿਰ ਡਿਵੀਜ਼ਨ, ਜਵਾਹਰਕੇ ਨੂੰ 9.32 ਕਰੋੜ ਰੁਪਏ ਸ਼ਾਮਲ ਹਨ | ਇਹ ਭਾਖੜਾ ਸਿਸਟਮ ਦੇ ਸਾਂਝੇ ਕੈਰੀਅਰ ਚੈਨਲਾਂ ਦੇ ਸੰਚਾਲਨ ਅਤੇ ਰੱਖ-ਰਖਾਅ ‘ਤੇ ਹੋਏ ਅਸਲ ਖਰਚਿਆਂ ਦੀ ਅਦਾਇਗੀ ਨਾਲ ਸੰਬੰਧਿਤ ਹੈ |
ਬੀਬੀਐਮਬੀ ਜਾਇਦਾਦਾਂ ਦੀ ਸੁਰੱਖਿਆ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਤਾਇਨਾਤੀ ਲਈ ਬੀਬੀਐਮਬੀ ਵੱਲੋਂ ਕੀਤੀ ਮੰਗ ਸੰਬੰਧੀ ਇੱਕ ਸਵਾਲ ਦੇ ਜਵਾਬ ‘ਚ, ਵਿੱਤ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਵਿਧਾਨ ਸਭਾ, ਜੋ ਕਿ ਸੂਬੇ ਦੇ ਤਿੰਨ ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ, ਉਨ੍ਹਾਂ ਨੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵ ਕੇਂਦਰ ਅਤੇ ਬੀਬੀਐਮਬੀ ਦੋਵਾਂ ਨੂੰ ਭੇਜਿਆ ਗਿਆ ਹੈ, ਜਿਸ ‘ਚ ਬੀਬੀਐਮਬੀ ਜਾਇਦਾਦਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀਆਂ ਸਮਰੱਥਾਵਾਂ ‘ਤੇ ਪੂਰਾ ਭਰੋਸਾ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਮਾਜ ਵਿਰੋਧੀ ਤੱਤ ਦੁਆਰਾ ਪੰਜਾਬ ਪੁਲਿਸ ਨੂੰ ਪ੍ਰਦਾਨ ਕੀਤੇ ਗਏ ਸੁਰੱਖਿਆ ਕਵਰ ਦੀ ਉਲੰਘਣਾ ਨਹੀਂ ਕੀਤੀ ਗਈ ਹੈ।
Read More: ਪੰਜਾਬ ਦੀਆਂ ਜੇਲ੍ਹਾਂ ਲਈ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਰਤੀ: ਹਰਪਾਲ ਸਿੰਘ ਚੀਮਾ