ਚੰਡੀਗੜ੍ਹ, 1 ਨਵੰਬਰ 2024: ਪੰਜਾਬ ਸਰਕਾਰ (Punjab government) ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸੂਬੇ ‘ਚ ਹਾੜੀ ਦੇ ਸੀਜ਼ਨ ਲਈ ਡੀਏਪੀ ਅਤੇ ਹੋਰ ਖਾਦਾਂ, ਮਿਆਰੀ ਬੀਜਾਂ ਅਤੇ ਕੀਟਨਾਸ਼ਕਾਂ ਦੀ ਨਿਰਵਿਘਨ ਅਤੇ ਜ਼ਰੂਰੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ।
ਜਿਸ ਨਾਲ ਕਿਸਾਨਾਂ ਨੂੰ ਵਿੱਤੀ ਸ਼ੋਸ਼ਣ ਤੋਂ ਬਚਾਉਣ ਅਤੇ ਫਸਲਾਂ ਦੀ ਬਿਹਤਰ ਪੈਦਾਵਾਰ ਪ੍ਰਾਪਤ ਕਰਨ ‘ਚ ਮੱਦਦ ਕਰਨ ਦੇ ਉਦੇਸ਼ ਨਾਲ ਇਨ੍ਹਾਂ ਪੰਜ ਉੱਡਣ ਦਸਤਿਆਂ ਦੀਆਂ ਟੀਮਾਂ ਬਣਾਈਆਂ ਹਨ |
ਇਸ ਬਾਰੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਟੀਮਾਂ ਡੀ.ਏ.ਪੀ ਸਮੇਤ ਹੋਰ ਖਾਦਾਂ ਦੇ ਨਾਲ-ਨਾਲ ਖਾਦਾਂ ਦੇ ਗੈਰ-ਕਾਨੂੰਨੀ ਭੰਡਾਰਨ, ਕਾਲਾਬਾਜ਼ਾਰੀ ਅਤੇ ਬੇਲੋੜੇ ਰਸਾਇਣਾਂ ਦੀ ਟੈਗਿੰਗ ਵਿਰੁੱਧ ਕਾਰਵਾਈ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਟੀਮਾਂ ਨਾ ਸਿਰਫ਼ ਸਪਲਾਈ ਦੀ ਨਿਗਰਾਨੀ ਕਰਨਗੀਆਂ ਅਤੇ ਖੇਤੀਬਾੜੀ ਨਾਲ ਸੰਬੰਧੀ ਜਿਣਸਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਨਿਯਮਤ ਚੈਕਿੰਗ ਅਤੇ ਸੈਂਪਲਿੰਗ ਰਾਹੀਂ ਗੁਣਵੱਤਾ ਕੰਟਰੋਲ ਨੂੰ ਵੀ ਯਕੀਨੀ ਬਣਾਉਣਗੀਆਂ। ਇਹ ਉਡਣ ਦਸਤੇ ਪ੍ਰਚੂਨ ਅਤੇ ਥੋਕ ਡੀਲਰਾਂ ਦੇ ਨਾਲ-ਨਾਲ ਬੀਜ, ਖਾਦ ਅਤੇ ਕੀਟਨਾਸ਼ਕ ਉਤਪਾਦਨ ਅਤੇ ਮੰਡੀਕਰਨ ਯੂਨਿਟਾਂ ਦਾ ਦੌਰਾ ਕਰਕੇ ਕੀਮਤਾਂ ‘ਤੇ ਨਜ਼ਰ ਰੱਖਣਗੇ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਖੇਤੀਬਾੜੀ ਵਿਭਾਗ ਦੁਆਰਾ 1 ਅਪ੍ਰੈਲ ਤੋਂ 31 ਅਕਤੂਬਰ, 2024 ਤੱਕ ਚਲਾਈ ਗਈ ਗੁਣਵੱਤਾ ਨਿਯੰਤਰਣ ਮੁਹਿੰਮ ਦੇ ਅੰਕੜੇ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਵਿਭਾਗ ਨੇ ਕੀਟਨਾਸ਼ਕਾਂ ਦੇ 2,063 ਨਮੂਨੇ ਇਕੱਤਰ ਕੀਤੇ ਹਨ।
ਇਨ੍ਹਾਂ ਦੀ ਜਾਂਚ ਤੋਂ ਬਾਅਦ ਪ੍ਰਾਪਤ ਨਤੀਜਿਆਂ ਦੇ ਆਧਾਰ ‘ਤੇ ਗਲਤ ਬ੍ਰਾਂਡਿੰਗ ਵਾਲੇ 43 ਫਾਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਰਸਾਇਣਕ ਖਾਦਾਂ ਦੇ 1751 ਨਮੂਨੇ, ਜੈਵਿਕ ਖਾਦਾਂ ਦੇ 100 ਨਮੂਨੇ ਅਤੇ ਜੈਵਿਕ ਖਾਦ ਦੇ 40 ਨਮੂਨੇ ਇਕੱਤਰ ਕੀਤੇ ਗਏ। ਮਿਸਬ੍ਰੈਂਡਿਡ ਵਾਲੇ 48 ਫਾਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਅਤੇ ਉਨ੍ਹਾਂ ਵਿਰੁੱਧ ਤਿੰਨ ਐੱਫ.ਆਈ.ਆਰ.ਦਰਜ ਕੀਤੀਆਂ ਹਨ |