ਹੜ੍ਹ ਸੁਰੱਖਿਆ ਯੋਜਨਾ

ਪੰਜਾਬ ਸਰਕਾਰ ਵੱਲੋਂ ਸਤਲੁਜ ਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਰੁਪਏ ਦੀ ਹੜ੍ਹ ਸੁਰੱਖਿਆ ਯੋਜਨਾ ਨੂੰ ਮਨਜ਼ੂਰੀ

ਚੰਡੀਗੜ੍ਹ, 14 ਫਰਵਰੀ 2026: ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ‘ਚ ਸਤਲੁਜ ਅਤੇ ਸਵਾਂ ਦਰਿਆਵਾਂ ਦੇ ਕੰਢੇ ਵਸਦੇ ਪਿੰਡਾਂ ਲਈ 52 ਕਰੋੜ ਰੁਪਏ ਦੀ ਹੜ੍ਹ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਕਈ ਪ੍ਰਭਾਵਿਤ ਇਲਾਕਿਆਂ ਲਈ ਸਥਾਈ ਹੱਲ ਯਕੀਨੀ ਬਣਾਏ ਹਨ।

ਹਰਜੋਤ ਸਿੰਘ ਬੈਂਸ ਨੇ ਇਸ ਯੋਜਨਾ ਬਾਰੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ‘ਚ ਸਤਲੁਜ ਤੇ ਸਵਾਂ ਦੇ ਕੰਢੇ ਰਹਿਣ ਵਾਲੇ ਵਸਨੀਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਪੰਜਾਬ ਸਰਕਾਰ ਨੇ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਹੈ | ਇਸਦਾ ਉਦੇਸ਼ ਮਾਨਸੂਨ ਦੌਰਾਨ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਕਈ ਪਿੰਡਾਂ ਨੂੰ ਸਥਾਈ ਤੌਰ ‘ਤੇ ਸੁਰੱਖਿਅਤ ਬਣਾਉਣਾ ਹੈ |

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਖੇਤਰ ‘ਚ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਆਪਕ ਪ੍ਰੋਜੈਕਟਾਂ ‘ਚ ਤੇਜ਼ੀ ਲਿਆਂਦੀ ਹੈ। 52 ਕਰੋੜ ਰੁਪਏ ਦੇ ਕੰਮਾਂ ਲਈ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਪ੍ਰੋਜੈਕਟਾਂ ਦੀ ਉਸਾਰੀ ‘ਚ ਪੰਦਰਵਾੜੇ ਦੇ ਅੰਦਰ-ਅੰਦਰ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ 30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਪ੍ਰੋਜੈਕਟ ਵਿਚਾਰ ਅਧੀਨ ਹਨ।”

ਹਰਜੋਤ ਸਿੰਘ ਬੈਂਸ ਨੇ ਕਿਹਾ, “ਸਾਡੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਨੇ ਸਾਨੂੰ ਸਬਕ ਸਿਖਾਇਆ ਹੈ। ਅਸੀਂ ਠੋਸ ਅਤੇ ਲੰਬੇ ਸਮੇਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਾਂ।”

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਦਸਗਰਾਈਂ ਅਤੇ ਮਹੈਨ ਨੂੰ ਡੰਗੇ ਦੇ ਨਿਰਮਾਣ ਲਈ 1 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ। ਪਿੰਡ ਹਰਸਾ ਬੇਲਾ ‘ਚ ਪਿਛਲੇ ਸਾਲ 4.5 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਕਾਰਜ ਕੀਤੇ ਸਨ, ਉਨ੍ਹਾਂ ਨੂੰ ਅੱਪਗ੍ਰੇਡ ਕੀਤੇ ਡਿਜ਼ਾਈਨ ਵਾਲੇ 2,200 ਫੁੱਟ ਲੰਬੇ ਡੰਗੇ ਦੇ ਨਿਰਮਾਣ ਲਈ 9 ਕਰੋੜ ਰੁਪਏ ਦਿੱਤੇ ਜਾਣਗੇ |

ਹਰਜੋਤ ਬੈਂਸ ਨੇ ਕਿਹਾ, “ਪਿੰਡ ਮਹਿੰਦਲੀ ਕਲਾਂ ਨੂੰ 8.75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਕ ਨਵਾਂ 1,800 ਫੁੱਟ ਲੰਬਾ ਡੰਗਾ ਮਿਲੇਗਾ, ਜਿੱਥੇ ਮੈਂ ਪਿਛਲੇ ਸਾਲ ਬਚਾਅ ਕਾਰਜਾਂ ਦੌਰਾਨ ਨਿੱਜੀ ਤੌਰ ‘ਤੇ ਸੇਵਾ ਕੀਤੀ ਸੀ। ਪਿੰਡ ਅਗਮਪੁਰ ‘ਚ ਪਿੰਡ ਅਤੇ ਪੁਲ ਦੀ ਸੁਰੱਖਿਆ ਲਈ 12 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸ਼ਾਲ 3,200 ਫੁੱਟ ਲੰਬਾ ਡੰਗਾ (ਰੈਵੇਟਮੈਂਟ) ਬਣਾਇਆ ਜਾਵੇਗਾ।”

ਉਨ੍ਹਾਂ ਕਿਹਾ ਕਿ “ਪਿੰਡ ਬੁਰਜ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਮਾ ਰੈਵੇਟਮੈਂਟ ਬਣਾਇਆ ਜਾਵੇਗਾ। ਇਸਦੇ ਨਾਲ ਹੀ ਪਿੰਡ ਅਜੌਲੀ ਵਿਖੇ 3.5 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਬਾ ਰੈਵੇਟਮੈਂਟ ਬਣਾਇਆ ਜਾਵੇਗਾ, ਜਦੋਂ ਕਿ ਪਿੰਡ ਲੋਧੀਪੁਰ ਨੂੰ 9 ਕਰੋੜ ਰੁਪਏ ਦੀ ਲਾਗਤ ਨਾਲ 2,000 ਫੁੱਟ ਲੰਬੇ ਰੈਵੇਟਮੈਂਟ ਨਾਲ ਸੁਰੱਖਿਅਤ ਕੀਤਾ ਜਾਵੇਗਾ।”

ਉਨ੍ਹਾਂ ਨੇ ਕਿਹਾ ਕਿ “ਇਨ੍ਹਾਂ ਪ੍ਰਮੁੱਖ ਥਾਵਾਂ ਤੋਂ ਇਲਾਵਾ ਭਲਾਣ, ਤ੍ਰਿਵੇਣੀ ਮੰਦਰ, ਨਾਨਗਰਾਂ ਸਮੇਤ ਹੋਰ ਪਿੰਡਾਂ ਲਈ ਵੀ ਹੜ੍ਹ ਸੁਰੱਖਿਆ ਕਾਰਜ ਪ੍ਰਗਤੀ ਅਧੀਨ ਹਨ ਜਾਂ ਮਨਜ਼ੂਰ ਕੀਤੇ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ‘ਚ 11,000 ਫੁੱਟ ਲੰਮੇ ਡੰਗਿਆਂ ਦਾ ਨਿਰਮਾਣ ਸ਼ਾਮਲ ਹੈ। ਅਸੀਂ ਪਹਿਲਾਂ ਹੀ ਜ਼ਮੀਨੀ ਕੰਮ ਮੁਕੰਮਲ ਕਰ ਲਿਆ ਹੈ ਅਤੇ ਸਥਾਨਕ ਮੰਗਾਂ ਦੇ ਆਧਾਰ ‘ਤੇ ਇਸ ਦੇ ਵਿਸਥਾਰ ਲਈ ਵਚਨਬੱਧ ਹਾਂ।”

Read More: ਪੰਜਾਬ ਸਰਕਾਰ ਵੱਲੋਂ 3 IAS ਤੇ 5 PCS ਅਧਿਕਾਰੀਆਂ ਦੇ ਤਬਾਦਲੇ

ਵਿਦੇਸ਼

Scroll to Top