Border area

ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ‘ਚ ਹੜ੍ਹਾਂ ਤੋਂ ਬਚਾਅ ਲਈ 176.29 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ

ਚੰਡੀਗੜ੍ਹ, 09 ਅਕਤੂਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬਾਈ ਹੜ੍ਹ ਕੰਟਰੋਲ ਬੋਰਡ ਦੀ ਬੈਠਕ ਦੌਰਾਨ ਸਰਹੱਦੀ ਖ਼ੇਤਰ ਵਿੱਚ ਹੜ੍ਹਾਂ ਤੋਂ ਬਚਾਅ ਲਈ ਲਈ ਅਹਿਮ ਫੈਸਲਾ ਲਿਆ ਹੈ | ਮੁੱਖ ਮੰਤਰੀ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਕੰਡਿਆਲੀ ਤਾਰ ਨਾਲ ਸਰਹੱਦੀ ਚੌਕੀਆਂ ਦੀ ਸੁਰੱਖਿਆ ਲਈ ਸਰਹੱਦੀ ਖੇਤਰ (Border area) ਵਿੱਚ 176.29 ਕਰੋੜ ਰੁਪਏ ਦੇ ਹੜ੍ਹ ਸੰਭਾਲ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ | ਪੰਜਾਬ ਸਰਕਾਰ ਮੁਤਾਬਕ ਇਸਦਾ ਉਦੇਸ਼ ਅੰਤਰਰਾਸ਼ਟਰੀ ਸਰਹੱਦ ‘ਤੇ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਵੀ ਹੈ |

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ‘ਤੇ ਸਟੇਟ ਫਲੱਡ ਕੰਟਰੋਲ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਬੀ.ਐੱਸ.ਐੱਫ. ਅਤੇ ਫੌਜ ਵੱਲੋਂ ਅੰਤਰਰਾਸ਼ਟਰੀ ਸਰਹੱਦ ‘ਤੇ ਸਰਹੱਦੀ ਚੌਕੀਆਂ ਦੀ ਸੁਰੱਖਿਆ ਲਈ ਲਗਾਤਾਰ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਰਾਵੀ, ਸਤਲੁਜ ਅਤੇ ਉਝ ਦਰਿਆਵਾਂ ‘ਚ ਆਏ ਹੜ੍ਹਾਂ ਕਾਰਨ ਇਹ ਥਾਵਾਂ (Border area) ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੜ੍ਹ ਕੰਟਰੋਲ ਲਈ ਰਾਜ ਨੂੰ ਮਿਲੇ ਮਾਮੂਲੀ ਫੰਡਾਂ ਨੂੰ ਰਾਸ਼ਟਰੀ ਮਹੱਤਵ ਵਾਲੀਆਂ ਥਾਵਾਂ ਦੀ ਸੁਰੱਖਿਆ ਲਈ ਤਬਦੀਲ ਕਰ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੇ ਰਾਸ਼ਟਰੀ ਸੁਰੱਖਿਆ ਪਹਿਲੂ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਨੇ ਪੰਜਾਬ ‘ਚ ਸਥਿਤ ਅਜਿਹੇ 28 ਸਥਾਨਾਂ ਲਈ 176.29 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਹੈ।

ਸੀਐੱਮ ਮਾਨ ਨੇ ਕਿਹਾ ਕਿ ਸਰਹੱਦੀ ਚੌਕੀਆਂ ਦੀ ਸੁਰੱਖਿਆ ਲਈ ਸਰਹੱਦੀ ਖੇਤਰਾਂ ‘ਚ ਹੜ੍ਹਾਂ ਨੂੰ ਰੋਕਣ ਦਾ ਕੰਮ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਲਈ ਸਰਹੱਦ ‘ਤੇ ਕੰਡਿਆਲੀ ਤਾਰ ਅਤੇ ਹੋਰ ਸੁਰੱਖਿਆ ਬੁਨਿਆਦੀ ਢਾਂਚਾ ਪਹਿਲਾਂ ਹੀ ਲਗਾਇਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਹੜ੍ਹ ਰੋਕੂ ਕੰਮ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਸਥਾਨਾਂ ਦੀ ਚੋਣ ਫੌਜ ਨਾਲ ਸਾਂਝੇ ਤੌਰ ‘ਤੇ ਕੀਤੀ ਗਈ ਹੈ ਅਤੇ ਇਹ ਟਿਕਾਣੇ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚ ਸਥਿਤ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਕੰਮ 28 ਥਾਵਾਂ ‘ਤੇ ਕੀਤਾ ਜਾਵੇਗਾ ਅਤੇ 8695.27 ਹੈਕਟੇਅਰ ਰਕਬੇ ਨੂੰ ਇਸ ਪ੍ਰੋਜੈਕਟ ਦਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 28 ਥਾਵਾਂ ‘ਚੋਂ 7 ਥਾਵਾਂ ਫ਼ਿਰੋਜ਼ਪੁਰ, 11 ਅੰਮ੍ਰਿਤਸਰ, 3 ਤਰਨਤਾਰਨ, 5 ਗੁਰਦਾਸਪੁਰ ਅਤੇ 2 ਪਠਾਨਕੋਟ ਜ਼ਿਲ੍ਹੇ ‘ਚ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਤਰਨਤਾਰਨ ਜ਼ਿਲ੍ਹੇ ‘ਚ ਦਰਿਆ ਦੇ 1788 ਫੁੱਟ ਕਿਨਾਰਿਆਂ ਨੂੰ ਮਜ਼ਬੂਤ ​​ਕਰਨ ਦੀ ਯੋਜਨਾ ਹੈ। ਇਨ੍ਹਾਂ ‘ਚੋਂ ਫ਼ਿਰੋਜ਼ਪੁਰ ‘ਚ 1050 ਫੁੱਟ ਬੈਂਕ ਅਤੇ ਗੁਰਦਾਸਪੁਰ ‘ਚ 2875 ਫੁੱਟ ਕਿਨਾਰੇ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਇਸ ਪ੍ਰੋਜੈਕਟ ‘ਚ 29,140 ਫੁੱਟ ਦੀ ਰਿਟੇਨਿੰਗ ਦੀਵਾਰ, 22 ਸਪੱਰ ਅਤੇ 95 ਸਟੱਡ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ‘ਚ ਹੋਣ ਵਾਲੇ ਇਹ ਕੰਮ ਦੇਸ਼ ਲਈ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹਨ।

 

Scroll to Top