ਚੰਡੀਗੜ੍ਹ, 15 ਦਸੰਬਰ 2025: ਪੰਜਾਬ ਦੇ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਜਲ ਸਰੋਤਾਂ ਅਤੇ ਸੀਪੇਜ ਦੇ ਪੈਟਰਨਾਂ ਸੰਬੰਧੀ 1.61 ਕਰੋੜ ਰੁਪਏ ਦੇ ਸੂਖਮ-ਪੱਧਰੀ ਅਧਿਐਨ ਲਈ ਸਿਧਾਂਤਕ ਪ੍ਰਵਾਨਗੀ ਦਾ ਐਲਾਨ ਕੀਤਾ ਹੈ। ਪਾਣੀ ਸੰਬੰਧੀ ਇਹ ਅਧਿਐਨ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਵੱਲੋਂ ਆਈ.ਆਈ.ਟੀ ਰੋਪੜ ਦੇ ਸਹਿਯੋਗ ਨਾਲ ਕੀਤਾ ਜਾਵੇਗਾ | ਪੰਜਾਬ ਦੇ ਭੂਮੀਗਤ ਪਾਣੀ ਦੇ ਪੱਧਰਾਂ ਦੇ ਪ੍ਰਬੰਧਨ ਲਈ ਪ੍ਰਭਾਵਸ਼ਾਲੀ ਹੱਲ ਵਿਕਸਤ ਕਰਨ ‘ਚ ਸਹਾਇਤਾ ਮਿਲੇਗੀ।
ਇਸ ਪਹਿਲਕਦਮੀ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੀ.ਐਸ.ਐਫ.ਐਫ.ਡਬਲਯੂ.ਸੀ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ (ਐਨ.ਆਈ.ਐਚ), ਰੁੜਕੀ ਦੇ ਸਹਿਯੋਗ ਨਾਲ ਕੀਤੇ ਸ਼ੁਰੂਆਤੀ ਮੈਕਰੋ-ਪੱਧਰੀ ਅਧਿਐਨ ਨੂੰ ਖੇਤੀਬਾੜੀ ਸੁਧਾਰਾਂ ਬਾਰੇ ਪੰਜਾਬ ਵਿਧਾਨ ਸਭਾ ਕਮੇਟੀ ਦੁਆਰਾ ਰਸਮੀ ਤੌਰ ‘ਤੇ ਸਵੀਕਾਰ ਕਰਦਿਆਂ ਇੱਕ ਹੋਰ ਵਿਸਤ੍ਰਿਤ ਸੂਖਮ-ਪੱਧਰੀ ਅਧਿਐਨ ਦਾ ਫੈਸਲਾ ਲਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਖਮ-ਪੱਧਰੀ ਅਧਿਐਨ ‘ਚ ਕਾਰਬਨ ਡੇਟਿੰਗ ਅਤੇ ਜ਼ਮੀਨਦੋਜ਼ ਅਤੇ ਪਾਣੀ ਦੇ ਭੰਡਾਰਾਂ ਆਈਸੋਟੋਪ ਵਿਸ਼ਲੇਸ਼ਣ ਦੇ ਨਾਲ-ਨਾਲ ਸੂਬੇ ਭਰ ‘ਚ ਸੀਪੇਜ ਦੇ ਨਮੂਨਿਆਂ ਦੀ ਵਿਆਪਕ ਜਾਂਚ ਸਮੇਤ ਉੱਨਤ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਅਧਿਐਨ ਦੇ ਉਦੇਸ਼ਾਂ ‘ਚ ਜਲ ਸਰੋਤਾਂ ਦਾ ਬਿਊਰਾ, ਨੀਤੀਗਤ ਫੈਸਲਿਆਂ ਲਈ ਐਕੁਈਫਰਾਂ ਦੀ ਵਿਸ਼ੇਸ਼ਤਾ ਦੱਸਣਾ, ਹੈਲੀਕਾਪਟ ਰਾਹੀਂ ਆਧੂਨਿਕ ਤਕਨੀਕਾਂ ਦੀ ਵਰਤੋਂ ਨਾਲ ਜਲ ਸਰੋਤਾਂ ਦਾ ਸਰਵੇਖਣ, ਬਦਲਵੇਂ ਜਲ ਸਰੋਤਾਂ ਦੀ ਖੋਜ ਕਰਨਾ, ਅਤੇ ਸੀਪੇਜ ਦਰਾਂ ਨਿਰਧਾਰਤ ਕਰਨ ਲਈ ਸੂਖਮ-ਪੱਧਰੀ ਅਧਿਐਨ ਕਰਨਾ ਸ਼ਾਮਲ ਹੈ।
ਅਧਿਐਨ ਲਈ ਮਨਜੂਰ ਕੀਤੇ ਵਿੱਤੀ ਵੰਡ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ 221.65 ਲੱਖ ਰੁਪਏ ਦੇ ਕੁੱਲ ਖਰਚ ਨਾਲ ਫੰਡ ਕੀਤਾ ਜਾਵੇਗਾ। ਇਸ ਰਕਮ ‘ਚੋਂ ਆਈ.ਆਈ.ਟੀ ਰੋਪੜ ਆਪਣੇ ਸਰੋਤਾਂ ਤੋਂ 60.00 ਲੱਖ ਰੁਪਏ ਦਾ ਯੋਗਦਾਨ ਪਾਵੇਗਾ, ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਨੂੰ 161.00 ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਫੰਡਿੰਗ ਦੇ ਬਦਲੇ ਆਈ.ਆਈ.ਟੀ. ਰੋਪੜ ਵਿਆਪਕ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ‘ਚ ਡਿਜ਼ਾਈਨ ਅਤੇ ਕਾਰਜਕਾਰੀ ਮੁਹਾਰਤ, ਖੇਤਰੀ ਜਾਂਚ, ਨਮੂਨੇ ਇਕੱਠੇ ਕਰਨਾ, ਪੋਰਟੇਬਲ ਯੰਤਰ ਲਗਾਉਣਾ, ਬੁਨਿਆਦੀ ਢਾਂਚਾ ਅਤੇ ਪ੍ਰਯੋਗਸ਼ਾਲਾ ਦੀਆਂ ਸਹੂਲਤਾਂ, ਅਤੇ ਤਕਨੀਕੀ ਸਿਖਲਾਈ ਤੇ ਸਮਰੱਥਾ-ਨਿਰਮਾਣ ਪਹਿਲਕਦਮੀਆਂ ਸ਼ਾਮਲ ਹਨ।
ਅਧਿਐਨ ‘ਚ ਪੰਜ ਵਿਸਤ੍ਰਿਤ ਪੜਾਅ
ਇਸ ਅਧਿਐਨ ‘ਚ ਪੰਜ ਪੜਾਅ ਸ਼ਾਮਲ ਹਨ, ਜੋ ਲੋੜੀਂਦੇ ਫੰਡ ਪ੍ਰਾਪਤ ਹੋਣ ਦੇ 12 ਮਹੀਨਿਆਂ ਦੇ ਅੰਦਰ ਪੂਰਾ ਹੋਣ ਲਈ ਤਹਿ ਕੀਤੇ ਹਨ। ਪਹਿਲੇ ਪੜਾਅ ‘ਚ ਸੈਂਪਲਿੰਗ ਸਾਈਟਾਂ ਦਾ ਪਤਾ ਲਗਾਉਣ ਲਈ ਇੱਕ ਫੀਲਡ ਸਰਵੇਖਣ ਕੀਤਾ ਜਾਵੇਗਾ, ਦੂਜੇ ਪੜਾਅ ਦੌਰਾਨ ਪੰਜਾਬ ਦੇ ਐਕੁਇਫਰ ਸਿਸਟਮਾਂ ਦਾ ਇੱਕ ਹਾਈਡ੍ਰੋਜੀਓਲੋਜੀਕਲ ਢਾਂਚਾ ਵਿਕਸਤ ਕੀਤਾ ਜਾਵੇਗਾ, ਤੀਜੇ ਪੜਾਅ ‘ਚ ਪ੍ਰਦੂਸ਼ਣ ਦੇ ਪੱਧਰਾਂ ਦਾ ਮੁਲਾਂਕਣ ਕਰਨ ਅਤੇ ਸਰੋਤ ਖੇਤਰਾਂ ਦੀ ਪਛਾਣ ਕਰਨ ਲਈ ਹਾਈਡ੍ਰੋ-ਰਸਾਇਣਕ ਵਿਸ਼ੇਸ਼ਤਾ ਅਤੇ ਆਈਸੋਟੋਪਿਕ ਵਿਸ਼ਲੇਸ਼ਣ ਸ਼ਾਮਲ ਹੋਵੇਗਾ, ਚੌਥੇ ਪੜਾਅ ‘ਚ ਨਹਿਰੀ ਨੈੱਟਵਰਕ ਦੇ ਵਿਸਥਾਰ ਲਈ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ | ਇਸਦੇ ਨਾਲ ਹੀ ਪੰਜਵਾਂ ਪੜਾਅ ‘ਚ ਪ੍ਰਬੰਧਨ ਉਪਾਵਾਂ ਲਈ ਸਿਫਾਰਸ਼ਾਂ ਪ੍ਰਦਾਨ ਕੀਤੀਆਂ ਜਾਣਗੀਆਂ।




