ਚੰਡੀਗੜ੍ਹ, 29 ਜੁਲਾਈ 2025: ਪੰਜਾਬ ਸਰਕਾਰ ਨੇ ਸੂਬੇ ਦੇ ਸੁਧਾਰ ਘਰਾਂ ਯਾਨੀ ਜੇਲ੍ਹਾਂ ‘ਚ ਮਾਨਸਿਕ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ 60 ਮਨੋਵਿਗਿਆਨਕ ਸਲਾਹਕਾਰਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਜੇਲ੍ਹਾਂ ‘ਚ ਕੈਦੀਆਂ ਨੂੰ ਸਹੀ ਮਾਨਸਿਕ ਸਹਾਇਤਾ ਪ੍ਰਦਾਨ ਕਰਨਗੇ।
ਪੰਜਾਬ ਸਰਕਾਰ ਮੁਤਾਬਕ ਇਸ ਪਹਿਲਕਦਮੀ ਪਿੱਛੇ ਸੂਬਾ ਸਰਕਾਰ ਦਾ ਉਦੇਸ਼ ਕੈਦੀਆਂ ਦੀ ਸਮੁੱਚੀ ਤੰਦਰੁਸਤੀ ਅਤੇ ਪੁਨਰਵਾਸ ਨੂੰ ਮਜ਼ਬੂਤ ਕਰਨਾ ਹੈ। ਮਾਨਸਿਕ ਸਿਹਤ ਨੂੰ ਜੇਲ੍ਹ ਪ੍ਰਸ਼ਾਸਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦੇ ਹੋਏ, ਇਹ ਕਦਮ ਜੇਲ੍ਹ ਪ੍ਰਣਾਲੀ ‘ਚ ਵਿਆਪਕ ਸਹਾਇਤਾ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜੇਲ੍ਹ ਵਿਭਾਗ ਇਸ ਭਰਤੀ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਅਤੇ ਆਊਟਸੋਰਸਿੰਗ ਰਾਹੀਂ ਕਰੇਗਾ ਤਾਂ ਜੋ ਯੋਗ ਅਤੇ ਤਜਰਬੇਕਾਰ ਮਨੋਵਿਗਿਆਨੀਆਂ ਦੀ ਚੋਣ ਕੀਤੀ ਜਾ ਸਕੇ। ਮਾਹਰਾਂ ਦੀ ਤਾਇਨਾਤੀ ਕੈਦੀਆਂ ਨੂੰ ਬਿਹਤਰ ਮਾਨਸਿਕ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ, ਜੋ ਉਨ੍ਹਾਂ ਦੇ ਸੁਧਾਰ ਅਤੇ ਪੁਨਰਵਾਸ ‘ਚ ਮੱਦਦਗਾਰ ਸਾਬਤ ਹੋਵੇਗੀ।
ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ਼ ਜੇਲ੍ਹ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵੱਲ ਇੱਕ ਵੱਡਾ ਯਤਨ ਹੈ, ਸਗੋਂ ਇਹ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੀ ਇੱਕ ਮਹੱਤਵਪੂਰਨ ਉਦਾਹਰਣ ਵੀ ਹੈ। ਇਸ ਨਾਲ ਕੈਦੀਆਂ ਦੇ ਜੀਵਨ ‘ਚ ਸਕਾਰਾਤਮਕ ਬਦਲਾਅ ਆਉਣ ਦੀ ਉਮੀਦ ਹੈ ਅਤੇ ਉਨ੍ਹਾਂ ਦੇ ਸਮਾਜਿਕ ਪੁਨਰ ਏਕੀਕਰਨ ਨੂੰ ਵੀ ਮਜ਼ਬੂਤੀ ਮਿਲੇਗੀ।
Read More: ਹਰਪਾਲ ਸਿੰਘ ਚੀਮਾ ਦਾ ਐਲਾਨ, ਪੰਜਾਬ ਦੀਆਂ ਜੇਲ੍ਹਾਂ ਲਈ 60 ਮਨੋਵਿਗਿਆਨਕ ਸਲਾਹਕਾਰ ਕੀਤੇ ਜਾਣਗੇ ਭਰਤੀ