ਚੰਡੀਗੜ੍ਹ, 10 ਸਤੰਬਰ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਅਧੀਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ‘ਚ ਕੰਮ ਕਰਨ ਵਾਲੇ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨ (ASHA) ਅਤੇ ਆਸ਼ਾ ਫੈਸੀਲੀਟੇਟਰ ਹੁਣ 6 ਮਹੀਨੇ ਦੀ ਜਣੇਪਾ ਛੁੱਟੀ ਦੇ ਹੱਕਦਾਰ ਹੋਣਗੇ। ਇਹ ਲਾਭ ਜਣੇਪਾ ਲਾਭ ਐਕਟ, 1961 ਦੇ ਉਪਬੰਧਾਂ ਤਹਿਤ ਦਿੱਤ ਜਾਵੇਗਾ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਨੀਤੀ ਤਹਿਤ ਇਸਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ 180 ਦਿਨਾਂ ਦੀ ਪੂਰੀ ਤਨਖਾਹ ਵਾਲੀ ਜਣੇਪਾ ਛੁੱਟੀ ਪ੍ਰਦਾਨ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਛੁੱਟੀ ਕਿਸੇ ਹੋਰ ਛੁੱਟੀ ਦੇ ਖਾਤਿਆਂ ‘ਚੋਂ ਨਹੀਂ ਕੱਟੀ ਜਾਵੇਗੀ।
ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਮੈਟਰਨਿਟੀ ਬੈਨੀਫਿਟ ਐਕਟ, 1961, ਅਤੇ 12 ਅਪ੍ਰੈਲ, 2017 ਦਾ ਇੱਕ ਸਰਕੂਲਰ ਪਹਿਲਾਂ ਹੀ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਕਵਰ ਕਰਦਾ ਹੈ, ਭਾਵੇਂ ਉਹ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੀਆਂ ਹੋਣ, ਸਲਾਹਕਾਰਾਂ ਵਜੋਂ, ਜਾਂ ਕਿਸੇ ਏਜੰਸੀ ਰਾਹੀਂ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨੇ ਪਹਿਲਾਂ ਹੀ ਠੇਕੇ, ਸਲਾਹਕਾਰ ਅਤੇ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਮੈਟਰਨਿਟੀ ਬੈਨੀਫਿਟ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸੇ ਦੇ ਮੱਦੇਨਜ਼ਰ, ਵਿੱਤ ਵਿਭਾਗ ਨੇ ਹੁਣ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਮੈਟਰਨਿਟੀ ਬੈਨੀਫਿਟ ਐਕਟ, 1961 ਦੇ ਤਹਿਤ ‘ਆਸ਼ਾ’ ਅਤੇ ‘ਆਸ਼ਾ ਫੈਸੀਲੀਟੇਟਰਾਂ’ ਨੂੰ 6 ਮਹੀਨੇ ਦੀ ਮੈਟਰਨਿਟੀ ਲੀਵ ਦੇਣ ਦੀ ਬੇਨਤੀ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ ।
Read More: ਡਾ. ਬਲਬੀਰ ਸਿੰਘ ਨੇ 780 ਕਰੋੜ ਰੁਪਏ ਦੇ ਸਿਹਤ ਬੁਨਿਆਦੀ ਢਾਚੇ ਨੁਕਸਾਨ ਦੇ ਸਾਂਝੇ ਕੀਤੇ ਵੇਰਵੇ