C-PYTE

C-PYTE: ਪੰਜਾਬ ਸਰਕਾਰ ਨੇ ਪਠਾਨਕੋਟ ‘ਚ ਸੀ-ਪਾਈਟ ਕੈਂਪ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, 22 ਨਵੰਬਰ 2024: ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਸੀ-ਪਾਈਟ (C-PYTE) ਕੈਂਪ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ | ਇਸਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ, ਹਥਿਆਰਬੰਦ ਬਲਾਂ ਅਤੇ ਸੀਏਪੀਐਫ ‘ਚ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਸਿਖਲਾਈ ਦੇਣਾ ਹੈ | ਇਹ ਫੈਸਲਾ ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਸੈਂਟਰ ਆਫ਼ ਇੰਪਲਾਇਮੈਂਟ ਜੈਨਰੇਸ਼ਨ ਐਂਡ ਟਰੇਨਿੰਗ ਦੇ ਕਾਰਜਕਾਰੀ ਬੋਰਡ ਦੀ ਬੈਠਕ ‘ਚ ਲਿਆ ਹੈ |

ਜਿਕਰਯੋਗ ਹੈ ਕਿ ਪੰਜਾਬ ‘ਚ 14 ਸੀ-ਪਾਈਟ ਕੈਂਪ ਚੱਲ ਰਹੇ ਹਨ ਅਤੇ ਪਠਾਨਕੋਟ ਜ਼ਿਲ੍ਹੇ ਦੇ ਤੰਗੋ ਸ਼ਾਹ ਵਿਖੇ ਇੱਕ ਨਵਾਂ ਕੈਂਪ ਬਣਾਇਆ ਜਾਵੇਗਾ, ਜਿਸ ਲਈ 5.5 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ। ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਹੁਣ ਤੱਕ 2,57,595 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ 1,14,861 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ।

ਇਸ ਦੌਰਾਨ ਕਾਰਜਕਾਰੀ ਬੋਰਡ ਨੇ ਸੀ-ਪਾਈਟ (C-PYTE) ਦੇ ਪਾਠਕ੍ਰਮ ‘ਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਪ੍ਰਮਾਣਿਤ ਸੁਰੱਖਿਆ ਗਾਰਡ ਸਿਖਲਾਈ ਦੀ ਸ਼ੁਰੂਆਤ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਸਿਖਲਾਈ ਅਧਿਕਾਰਤ ਸਿਖਲਾਈ ਭਾਈਵਾਲਾਂ ਦੁਆਰਾ ਪ੍ਰਦਾਨ ਕੀਤੀ ਜਾਵੇਗੀ, ਅਤੇ C-ਪਾਈਟ ‘ਚ ਸਿਖਲਾਈ ਪ੍ਰਾਪਤ ਨੌਜਵਾਨਾਂ ਦੀ ਪਲੇਸਮੈਂਟ ਲਈ ਪਾਸਕੋ ਨਾਲ ਇੱਕ ਸਮਝੌਤਾ ਵੀ ਹਸਤਾਖਰ ਕੀਤਾ ਜਾਵੇਗਾ।

ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੀ-ਪਾਈਟ ਕੈਂਪਾਂ ‘ਚ ਸ਼ਖਸੀਅਤ ਵਿਕਾਸ ਅਤੇ ਸਾਫਟ ਸਕਿੱਲ ਕੋਚਿੰਗ ਵੀ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ‘ਚ ਹੋਰ ਸੁਧਾਰ ਕੀਤਾ ਜਾ ਸਕੇ। ਇਹ ਕਦਮ ਨੌਜਵਾਨਾਂ ‘ਚ ਇਮਾਨਦਾਰੀ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਇਕਾਗਰਤਾ ਵਿਕਸਿਤ ਕਰਨ ‘ਚ ਮੱਦਦ ਕਰੇਗਾ। ਇਸ ਤੋਂ ਇਲਾਵਾ ਇਹ ਸਿਖਲਾਈ ਉਨ੍ਹਾਂ ਨੂੰ ਬਿਹਤਰ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕਰੇਗੀ।

ਇਸ ਮੌਕੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦੱਸਿਆ ਕਿ ਸੀ-ਪਾਈਟ ਕੈਂਪ ਨੌਜਵਾਨਾਂ ‘ਚ ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਵਰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਹ ਸਿਖਲਾਈ ਨੌਜਵਾਨਾਂ ਲਈ ਹਥਿਆਰਬੰਦ ਬਲਾਂ, ਪੁਲਿਸ, ਅਰਧ ਸੈਨਿਕ ਬਲਾਂ ਅਤੇ ਹੋਰ ਉਦਯੋਗਿਕ ਖੇਤਰਾਂ ‘ਚ ਰੁਜ਼ਗਾਰ ਪ੍ਰਾਪਤ ਕਰਨ ਲਈ ਵੀ ਸਹਾਇਕ ਹੈ।

ਮੇਜਰ ਜਨਰਲ (ਸੇਵਾਮੁਕਤ) ਰਾਮਬੀਰ ਸਿੰਘ ਮਾਨ, ਡਾਇਰੈਕਟਰ ਜਨਰਲ, ਸੀ-ਪੀਆਈਟੀ ਨੇ ਕਿਹਾ ਕਿ ਇਹ ਫੈਸਲੇ ਪੰਜਾਬ ਦੇ ਨੌਜਵਾਨਾਂ ਦੀ ਸਿਖਲਾਈ ਨੂੰ ਹੋਰ ਯੋਜਨਾਬੱਧ ਅਤੇ ਸਮੇਂ ਸਿਰ ਬਣਾਉਣ ‘ਚ ਸਹਾਈ ਹੋਣਗੇ। ਇਸ ਮੀਟਿੰਗ ਵਿੱਚ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Scroll to Top