ਚੰਡੀਗੜ੍ਹ, 01 ਅਕਤੂਬਰ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ‘ਗਰੁੱਪ ਡੀ’ ਮੁਲਾਜ਼ਮਾਂ ਲਈ ਤਿਉਹਾਰਾਂ ਨੂੰ ਮਨਾਉਣ ਲਈ 10,000 ਰੁਪਏ ਪ੍ਰਤੀ ਕਰਮਚਾਰੀ ਵਿਆਜ-ਮੁਕਤ ਐਡਵਾਂਸ ਹਾਸਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਲਗਭਗ 35,894 ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਪੰਜਾਬ ‘ਚ 36,065 ਗਰੁੱਪ ਡੀ ਮੁਲਾਜ਼ਮ ਸਨ, ਜਿਨ੍ਹਾਂ ‘ਚੋਂ 13,375 (ਲਗਭਗ 37 ਫੀਸਦੀ) ਨੇ ਇਹੀ ਐਡਵਾਂਸ ਲਿਆ, ਜਿਸ ‘ਤੇ 13,37,50,000 ਰੁਪਏ ਖਰਚ ਹੋਏ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਾਰੇ ਯੋਗ ਗਰੁੱਪ ਡੀ ਮੁਲਾਜ਼ਮ ਇਸ ਵਿੱਤੀ ਸਾਲ ‘ਚ ਇਸ ਐਡਵਾਂਸ ਦਾ ਲਾਭ ਲੈਂਦੇ ਹਨ, ਤਾਂ ਕੁੱਲ ਖਰਚ 35.89 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਵਿੱਤੀ ਸਾਲ 2025-26 ਲਈ ਇਸ ਉਦੇਸ਼ ਲਈ 20 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਧੂ ਖਰਚ ਦੀ ਲੋੜ ਪਈ ਤਾਂ ਇਸ ਵਿੱਤੀ ਸਾਲ ਲਈ ਸੋਧੇ ਹੋਏ ਅਨੁਮਾਨਾਂ ਰਾਹੀਂ ਵਾਧੂ ਅਲਾਟਮੈਂਟ ਪ੍ਰਾਪਤ ਕਰਕੇ ਲੋੜੀਂਦੇ ਫੰਡ ਮੁੱਹਈਆ ਕਰ ਦਿੱਤੇ ਜਾਣਗੇ।
ਵਿੱਤ ਮੰਤਰੀ ਨੇ 20 ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਐਲਾਨ ਕੀਤਾ ਕਿ ਇਸ ਰਕਮ ਦੀ ਵੰਡ 17 ਅਕਤੂਬਰ ਤੱਕ ਖਜ਼ਾਨੇ ‘ਚੋਂ ਕਰਵਾ ਦਿੱਤੀ ਜਾਵੇਗੀ। ਇਸ ਵਿਆਜ-ਮੁਕਤ ਐਡਵਾਂਸ ਦੀ ਅਦਾਇਗੀ ਸੰਬੰਧਿਤ ਕਰਮਚਾਰੀ ਵੱਲੋਂ ਪੰਜ ਬਰਾਬਰ ਮਹੀਨਾਵਾਰ ਕਿਸ਼ਤਾਂ ‘ਚ ਕੀਤੀ ਜਾਵੇਗੀ, ਜਿਸਦੀ ਕਟੌਤੀ ਪ੍ਰਕਿਰਿਆ ਨਵੰਬਰ 2025 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ।
Read More: CM ਨਾਇਬ ਸਿੰਘ ਸੈਣੀ ਨੇ ਦੁਸਹਿਰੇ ਤਿਉਹਾਰ ਦੀ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ