ਚੰਡੀਗੜ੍ਹ, 24 ਜੁਲਾਈ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਰਾਜ ਦੇ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ‘ਚ ਇੰਟਰਨਾਂ, ਜੂਨੀਅਰ ਰੈਜ਼ੀਡੈਂਟਾਂ ਅਤੇ ਸੀਨੀਅਰ ਰੈਜ਼ੀਡੈਂਟਾਂ ਦੇਪ੍ਰਤੀ ਮਹੀਨਾ ਮਾਣਭੱਤੇ ‘ਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ‘ਚ ਇੰਟਰਨਾਂ ਦੀਆਂ 907, ਜੂਨੀਅਰ ਰੈਜ਼ੀਡੈਂਟਾਂ ਦੀਆਂ 1408 ਅਸਾਮੀਆਂ ਅਤੇ ਸੀਨੀਅਰ ਰੈਜ਼ੀਡੈਂਟਾਂ ਦੀਆਂ 754 ਮਨਜ਼ੂਰਸ਼ੁਦਾ ਅਸਾਮੀਆਂ ਹਨ। ਉਨ੍ਹਾਂ ਕਿਹਾ ਕਿ ਇੰਟਰਨਾਂ ਲਈ ਮਾਣਭੱਤਾ 15,000 ਰੁਪਏ ਤੋਂ ਵਧਾ ਕੇ 22,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।
ਜੂਨੀਅਰ ਰੈਜ਼ੀਡੈਂਟਾਂ ਲਈ ਨਵੇਂ ਮਾਣਭੱਤਾ ਢਾਂਚੇ ਤਹਿਤ, ਮੌਜੂਦਾ 67,968 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਪਹਿਲੇ ਸਾਲ ‘ਚ 76,000 ਰੁਪਏ, ਦੂਜੇ ਸਾਲ ‘ਚ 77,000 ਰੁਪਏ ਅਤੇ ਤੀਜੇ ਸਾਲ ‘ਚ 78,000 ਰੁਪਏ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਸੀਨੀਅਰ ਰੈਜ਼ੀਡੈਂਟਾਂ ਨੂੰ ਉਨ੍ਹਾਂ ਦੇ ਮੌਜੂਦਾ 81,562 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ ਪਹਿਲੇ ਸਾਲ ‘ਚ 92,000 ਰੁਪਏ, ਦੂਜੇ ਸਾਲ ‘ਚ 93,000 ਰੁਪਏ ਅਤੇ ਤੀਜੇ ਸਾਲ ‘ਚ 94,000 ਰੁਪਏ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਮਾਣਭੱਤਿਆਂ ‘ਤੇ ਸਾਲਾਨਾ ਖਰਚ, ਜੋ ਕਿ ਇਸ ਸਮੇਂ 204.96 ਕਰੋੜ ਰੁਪਏ ਹੈ, ਇਸ ਵਾਧੇ ਤੋਂ ਬਾਅਦ 238.18 ਕਰੋੜ ਰੁਪਏ ਹੋ ਜਾਵੇਗਾ, ਜੋ ਕਿ ਲਗਭਗ 33.22 ਕਰੋੜ ਰੁਪਏ ਪ੍ਰਤੀ ਸਾਲ ਦਾ ਵਾਧਾ ਦਰਸਾਉਂਦਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਹਰ ਨਾਗਰਿਕ ਨੂੰ 10 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਨ ਦੀ ਹਾਲੀਆ ਪਹਿਲਕਦਮੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹੇ ਯਤਨ ਜਨਤਕ ਭਲਾਈ ‘ਤੇ ਸਰਕਾਰ ਦੇ ਧਿਆਨ ਨੂੰ ਦਰਸਾਉਂਦੇ ਹਨ।
Read More: ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ 22.97 ਕਰੋੜ ਰੁਪਏ ਜਾਰੀ