ਚੰਡੀਗੜ੍ਹ, 10 ਮਾਰਚ 2025: ਪੰਜਾਬ ਸਰਕਾਰ ਨੇ ਘੋੜਿਆਂ, ਗਧਿਆਂ ਅਤੇ ਖੱਚਰਾਂ ਲਈ ਸੂਬੇ ਭਰ ‘ਚ ਮੁਫ਼ਤ ਟੈਟਨਸ ਟੌਕਸਾਈਡ ਟੀਕਾਕਰਨ ਮੁਹਿੰਮ (Free Vaccination Campaign) ਦਾ ਐਲਾਨ ਕੀਤਾ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਛੇਤੀ ਹੀ ਸਾਰੇ ਘੋੜਿਆਂ, ਗਧਿਆਂ ਅਤੇ ਖੱਚਰਾਂ ਨੂੰ ਟੈਟਨਸ ਟੌਕਸਾਈਡ ਦਾ ਟੀਕਾਕਰਨ ਕਰਨ ਲਈ ਇੱਕ ਰਾਜ ਵਿਆਪੀ ਮੁਹਿੰਮ ਸ਼ੁਰੂ ਕਰੇਗਾ।
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ (Free Vaccination Campaign) ਨੂੰ ਸਫਲਤਾਪੂਰਵਕ ਚਲਾਉਣ ਲਈ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਘੋੜਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ।
ਗੁਰਮੀਤ ਸਿੰਘ ਖੁੱਡੀਆਂ ਅੱਜ ਕਿਸਾਨ ਭਵਨ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਏ.ਐਸ.ਸੀ.ਏ.ਡੀ.ਯੋਜਨਾ ਦੇ ਤਹਿਤ ਕਰਵਾਏ “ਆਧੁਨਿਕ ਜਾਂਚ ਤਕਨੀਕਾਂ ਦੁਆਰਾ ਪਾਲਤੂ ਜਾਨਵਰਾਂ ਦੀ ਦੇਖਭਾਲ ਅਤੇ ਇਲਾਜ” ਵਿਸ਼ੇ ‘ਤੇ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਪਸ਼ੂਆਂ ਦੇ ਡਾਕਟਰਾਂ ਅਤੇ ਕਿਸਾਨਾਂ ਵਿਚਕਾਰ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਸ਼ੂਆਂ ਦੇ ਡਾਕਟਰਾਂ ਨੂੰ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਵਿਭਾਗ ਦੀਆਂ ਸਕੀਮਾਂ ਦੇ ਲਾਭਾਂ ਬਾਰੇ ਜਾਣਕਾਰੀ ਫੈਲਾਉਣ ‘ਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਤਕਨੀਕੀ ਮੁਹਾਰਤ ਅਤੇ ਵਿਵਹਾਰਕ ਵਰਤੋਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਸਹਾਇਕ ਕਾਰੋਬਾਰਾਂ ‘ਚ ਸਫਲ ਹੋਣ ਦੇ ਯੋਗ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਸੈਮੀਨਾਰ ਦੌਰਾਨ, ਗੁਰੂ ਨਾਨਕ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਰਾਂ ਨੇ ਵੱਡੇ ਜਾਨਵਰਾਂ ‘ਚ ਵਾਰ-ਵਾਰ ਹੋਣ ਵਾਲੇ ਗਰਭਪਾਤ ਦੇ ਇਲਾਜ, ਘੋੜਿਆਂ, ਗਧਿਆਂ ਅਤੇ ਖੱਚਰਾਂ ‘ਚ ਪੇਟ ਦੇ ਦਰਦ ਦੇ ਪ੍ਰਬੰਧਨ, ਜਾਨਵਰਾਂ ‘ਚ ਪਰਜੀਵੀ ਬਿਮਾਰੀਆਂ ਲਈ ਆਧੁਨਿਕ ਜਾਂਚ ਤਕਨੀਕਾਂ ਅਤੇ ਸੱਪ ਦੇ ਕੱਟਣ ਦੇ ਮਾਮਲਿਆਂ ‘ਚ ਆਧੁਨਿਕ ਪ੍ਰਬੰਧਨ ਤਕਨੀਕਾਂ ‘ਤੇ ਚਾਨਣਾ ਪਾਇਆ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਕਿਹਾ ਕਿ ਵਿਚਾਰੇ ਵਿਸ਼ੇ ਪੂਰੀ ਤਰ੍ਹਾਂ ਖੇਤਰ-ਵਿਸ਼ੇਸ਼ ਸਨ ਅਤੇ ਸਾਰੇ ਪਸ਼ੂਆਂ ਦੇ ਡਾਕਟਰਾਂ ਅਤੇ ਪਸ਼ੂ ਪਾਲਣ ਮਾਹਿਰਾਂ ਨੇ ਇਸ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਦੁੱਧ ਉਤਪਾਦਨ ਵਧਾਉਣ, ਅਵਾਰਾ ਪਸ਼ੂਆਂ ਦੀ ਗਿਣਤੀ ਘਟਾਉਣ ਅਤੇ ਸਾਰੇ ਜਾਨਵਰਾਂ ਦੀ ਭਲਾਈ ਲਈ ਮਦਦਗਾਰ ਸਾਬਤ ਹੋਣਗੀਆਂ।
Read More: ਪੰਜਾਬ ਸਰਕਾਰ ਦੀ ਘੱਟ ਪਾਣੀ ਦੀ ਖਪਤ ਤੇ ਵੱਧ ਝਾੜ ਦੇਣ ਵਾਲਾ ਮੱਕੀ ਦਾ ਹਾਈਬ੍ਰਿਡ ਬੀਜ PMH-17 ਲਾਂਚ ਕਰਨ ਦੀ ਤਿਆਰੀ