ਚੰਡੀਗੜ੍ਹ, 13 ਸਤੰਬਰ 2025: ਪੰਜਾਬ ਦੇ ਹੜ੍ਹ ਪੀੜਤ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਹਾਂਸੀ–ਬੂਟਾਣਾ ਨਹਿਰ ਦੀ ਡਾਫ ਕਾਰਨ ਵਾਰ–ਵਾਰ ਆ ਰਹੀ ਹੜ੍ਹ ਦੀ ਸਮੱਸਿਆ ਵੱਲ ਧਿਆਨ ਦਿਵਾਇਆ। ਲੋਕਾਂ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਨੂੰ ਲੱਗਦੀ ਡਾਫ ਕਾਰਨ ਹਰ ਸਾਲ ਉਨ੍ਹਾਂ ਦੇ ਪਿੰਡ ਤਬਾਹੀ ਦਾ ਸ਼ਿਕਾਰ ਹੁੰਦੇ ਹਨ।
ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦੀ ਵਿਚੋਲਗੀ ਨਾਲ ਹੋਈ ਇਸ ਬੈਠਕ ‘ਚ ਹੜ ਪੀੜਤ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚ ਕੇ ਸਪੱਸ਼ਟ ਕੀਤਾ ਕਿ ਜਦ ਤੱਕ ਹਾਂਸੀ–ਬੂਟਾਣਾ ਨਹਿਰ ਨਾਲ ਜੁੜੀ ਇਹ ਗੰਭੀਰ ਗਲਤੀ ਸੁਧਾਰੀ ਨਹੀਂ ਜਾਂਦੀ, ਜਦ ਤੱਕ ਹੜ੍ਹ ਦੀ ਸਮੱਸਿਆ ਖਤਮ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਹਿਮਾਚਲ ਦੀਆਂ ਪਹਾੜੀਆਂ ‘ਚੋਂ ਮੋਰਨੀ ਹਿਲ, ਪੰਚਕੂਲਾ, ਸੁਖਣਾ, ਝੀਲ, ਮਾਰਕੰਡਾ ਅਤੇ ਟਾਂਗਰੀ ਦਾ ਸਾਰਾ ਪਾਣੀ ਇਕੱਠਾ ਹੋ ਕੇ ਹਾਂਸੀ–ਬੂਟਾਣਾ ਦੇ ਇਸ ਸੌੜੇ ਸਾਈਫਨ ਰਾਹੀਂ ਗੁਜਰਦਾ ਹੈ ਅਤੇ ਸਾਈਫਨ ਤੰਗ ਹੋਣ ਕਾਰਨ ਪਾਣੀ ਦੀ ਅੱਗੇ ਡਾਫ ਬਣ ਜਾਂਦੀ ਹੈ, ਜਿਸ ਨਾਲ ਵੱਡਾ ਨੁਕਸਾਨ ਪਿਛਲੇ ਲੋਕਾਂ ਨੂੰ ਝੱਲਣਾ ਪੈਂਦਾ ਹੈ। ਲੋਕਾਂ ਨੇ ਹਾਲ ਹੀ ‘ਚ ਹੋਈ ਬੇਮੌਸਮੀ ਬਰਸਾਤ ਦੌਰਾਨ ਹੋਏ ਨੁਕਸਾਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕਈ ਪਰਿਵਾਰ ਬੇਘਰ ਹੋ ਚੁੱਕੇ ਹਨ।
ਇਸ ਮੌਕੇ ਨੁਮਾਇੰਦਿਆਂ ਨੇ ਕਿਹਾ ਕਿ ਘੱਗਰ ਦਰਿਆ ਨੂੰ ਜਾਂ ਤਾਂ ਨਹਿਰ ਦੇ ਹੇਠੋਂ ਲੰਘਾਇਆ ਜਾਵੇ ਤਾਂ ਜੋ ਉਸਦਾ ਕੁਦਰਤੀ ਵਹਿਣ ਸਹੀ ਤਰੀਕੇ ਨਾਲ ਜਾਰੀ ਰਹੇ। ਦੂਜਾ ਸੁਝਾਅ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਵਹਿਣ ਮੁਤਾਬਕ ਲਗਭਗ ਦੋ ਕਿਲੋਮੀਟਰ ਤੱਕ ਸਾਈਫਨ ਬਣਾ ਕੇ ਉਸਦਾ ਲਾਂਘਾ ਚੌੜਾ ਕੀਤਾ ਜਾਵੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹਰ ਸੰਭਵ ਹੱਲ ਤੁਰੰਤ ਲੱਭਿਆ ਜਾਵੇਗਾ। ਉਣਾਂ ਨੇ ਭਰੋਸਾ ਦਿੱਤਾ ਕਿ ਤਕਨੀਕੀ ਵਿਭਾਗਾਂ ਨਾਲ ਬੈਠਕ ਕਰਕੇ ਛੇਤੀ ਹੀ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਪਹਿਲਾਂ ਹੀ ਵਿਭਾਗ ਤੋਂ ਪੂਰੀ ਰਿਪੋਰਟ ਮੰਗ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਅਗਲੇ ਮਹੀਨੇ ਹਾਂਸੀ–ਬੂਟਾਣਾ ਦੇ ਮੇਨ ਹੈਡ ‘ਤੇ ਪਹੁੰਚਣਗੇ, ਜਿੱਥੇ ਇਹ ਸਮੱਸਿਆ ਹੈ, ਉੱਥੇ ਹਰਿਆਣਾ ਦੇ ਲੋਕਾਂ ਦੇ ਨਾਲ ਨਾਲ ਪੰਜਾਬ ਦੇ ਹੜ ਪੀੜਤ ਲੋਕਾਂ ਨੂੰ ਵੀ ਲੈ ਕੇ ਇਸ ਸਮੱਸਿਆ ਦੇ ਹੱਲ ਲਈ ਸੁਝਾਅ ਲਏ ਜਾਣਗੇ। ਉਨ੍ਹਾਂ ਕਿਹਾ ਕਿ ਅਗਲੀ ਵਾਰ ਇਹ ਸਮੱਸਿਆ ਨਹੀਂ ਆਏਗੀ ਕਿਉਂਕਿ ਉਹ ਇਸ ਦੇ ਸਥਾਈ ਹੱਲ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਛੇਤੀ ਕਰਨ ਜਾ ਰਹੇ ਹਨ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮੁਲਾਕਾਤ ਰਾਹੀਂ ਇਹ ਕੋਸ਼ਿਸ਼ ਕੀਤੀ ਹੈ ਕਿ ਜੋ ਹਰਿਆਣੇ ਤੇ ਪੰਜਾਬ ਦੇ ਪਿੰਡਾਂ ਨੂੰ ਹਾਂਸੀ–ਬੂਟਾਣਾ ਦੀ ਸਮੱਸਿਆ ਆ ਰਹੀ ਹੈ, ਉਸ ਦਾ ਹੱਲ ਨਿਕਲੇ ਤਾਂ ਜੋ ਲੋਕ ਹੜ੍ਹ ਦੇ ਨੁਕਸਾਨ ਤੋਂ ਬਚ ਸਕਣ। ਵਫਦ ਦੇ ਮੈਂਬਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਬੈਠਕ ਬਹੁਤ ਹੀ ਸੁਖਾਵੇ ਮਾਹੌਲ ‘ਚ ਹੋਈ, ਲੰਮੇ ਸਮੇਂ ਲਈ ਚੱਲੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਇਬ ਸੈਣੀ ‘ਤੇ ਪੂਰਾ ਭਰੋਸਾ ਹੈ ਕਿ ਇਸ ਦਾ ਹੱਲ ਜਰੂਰ ਨਿਕਲੇਗਾ।
ਇਸ ਮੌਕੇ ਦਰਜਨਾਂ ਪਿੰਡਾਂ ਦੇ ਵਿਅਕਤੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਮੁਲਾਕਾਤ ਕਰਨ ਵਾਲੇ ਵਫਦ ‘ਚ ਮਾਣਾ ਹਲਕਾ ਤੋਂ ਭਾਜਪਾ ਦੇ ਇੰਚਾਰਜ ਸੁਰਿੰਦਰ ਸਿੰਘ ਖੇੜਕੀ, ਸਤਿੰਦਰ ਸਿੰਘ ਬਿੱਟੂ ਧਨੌਰੀ, ਰਮੇਸ਼ ਗੋਇਲ ਡਕਾਲਾ, ਕਸ਼ਮੀਰ ਸਿੰਘ, ਸਾਬਕਾ ਸਰਪੰਚ ਹਰਚਰਨ ਸਿੰਘ ਢੀਡਸਾ, ਹਰਭਜਨ ਸਿੰਘ ਚੱਠਾ, ਪਾਲ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਚੀਮਾ, ਸੁਖਦੇਵ ਸਿੰਘ, ਅਮਨ ਗਿੱਲ, ਜਗਮੇਲ ਸਿੰਘ, ਪਰਮਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ।
Read More: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਵਿੱਚ ਸਵੱਛਤਾ ਅਭਿਆਨ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ




