ਧੁੱਸੀ ਬੰਨ੍ਹ

Punjab Flood: ਲੁਧਿਆਣਾ ਦੇ ਸਸਰਾਲੀ ਪਿੰਡ ‘ਚ ਧੁੱਸੀ ਬੰਨ੍ਹ ‘ਚ ਪਿਆ ਪਾੜ

ਲੁਧਿਆਣਾ, 06 ਸਤੰਬਰ 2025: Punjab Flood News: ਪੰਜਾਬ ‘ਚ ਹੜ੍ਹਾਂ ਦਾ ਕਹਿਰ ਜਾਰੀ ਹੈ। ਲੁਧਿਆਣਾ ਦੇ ਸਸਰਾਲੀ ਪਿੰਡ ‘ਚ ਧੁੱਸੀ ਬੰਨ੍ਹ ਦੀ ਮਿੱਟੀ ਖਿਸਕਣ ਕਾਰਨ ਸਤਲੁਜ ਦਰਿਆ ਦਾ ਪਾਣੀ ਖੇਤਾਂ ‘ਚ ਵਹਿ ਰਿਹਾ ਹੈ। ਇਸ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ। ਹੁਣ ਤੱਕ ਫੌਜ ਅਤੇ ਪ੍ਰਸ਼ਾਸਨ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

ਅੰਮ੍ਰਿਤਸਰ ਦੇ ਰਾਮਦਾਸ ‘ਚ ਰਾਵੀ ਦਰਿਆ ਕਾਰਨ ਟੁੱਟੇ 8 ਧੁੱਸੀ ਬੰਨ੍ਹਾਂ ਨੂੰ ਭਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ 5 ਬੰਨ੍ਹਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੂਜੇ ਪਾਸੇ ਪਠਾਨਕੋਟ ਤੋਂ ਤਰਨਤਾਰਨ ਤੱਕ ਰਾਵੀ ਦਾ ਪਾਣੀ ਦਾ ਪੱਧਰ ਘੱਟ ਗਿਆ ਹੈ। ਭਾਖੜਾ ਬੰਨ੍ਹ ਦਾ ਪਾਣੀ ਦਾ ਪੱਧਰ ਸ਼ੁੱਕਰਵਾਰ ਰਾਤ 9 ਵਜੇ 1678.40 ਫੁੱਟ ਦਰਜ ਕੀਤਾ ਗਿਆ ਸੀ, ਜੋ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਡੇਢ ਫੁੱਟ ਹੇਠਾਂ ਹੈ।

ਭਾਖੜਾ ‘ਚ ਘੱਟ ਪਾਣੀ ਆਉਣ ਕਾਰਨ ਇਹ ਕਮੀ ਦੇਖੀ ਗਈ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਭਾਖੜਾ ਤੋਂ ਲਗਭਗ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ‘ਚੋਂ ਸਿਰਫ਼ 50 ਹਜ਼ਾਰ ਕਿਊਸਿਕ ਪਾਣੀ ਸਤਲੁਜ ‘ਚ ਛੱਡਿਆ ਜਾ ਰਿਹਾ ਹੈ। ਭਾਖੜਾ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਰੂਪਨਗਰ ਤੋਂ ਲੁਧਿਆਣਾ ਅਤੇ ਅੱਗੇ ਹਰੀਕੇ ਹੈੱਡਵਰਕਸ ਤੱਕ ਦੇਖਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਨ੍ਹਾਂ ‘ਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ, ਐਸਏਐਸ ਨਗਰ, ਸ੍ਰੀ ਮੁਕਤਸਰ ਸਾਹਿਬ, ਐਸਬੀਐਸ ਨਗਰ ਅਤੇ ਤਰਨਤਾਰਨ ਸ਼ਾਮਲ ਹਨ।

ਇਸਦੇ ਨਾਲ ਹੀ ਹੁਣ ਤੱਕ ਕੁੱਲ 3,84,322 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਅੰਮ੍ਰਿਤਸਰ (1,35,880), ਗੁਰਦਾਸਪੁਰ (1,45,000) ਅਤੇ ਫਾਜ਼ਿਲਕਾ (24,212) ‘ਚ ਦੇਖੇ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ, ਕਪੂਰਥਲਾ, ਮੋਗਾ, ਸੰਗਰੂਰ ਅਤੇ ਮੋਹਾਲੀ ‘ਚ ਵੀ ਹਜ਼ਾਰਾਂ ਲੋਕ ਮੁਸੀਬਤ ‘ਚ ਹਨ। ਹੁਣ ਤੱਕ 12 ਜ਼ਿਲ੍ਹਿਆਂ ‘ਚ 43 ਜਣਿਆਂ ਦੀ ਜਾਨ ਜਾ ਚੁੱਕੀ ਹੈ।

Read More: ਘੱਗਰ ਦੇ ਪਾਣੀ ਦੀ ਸਥਿਤੀ ’ਤੇ ਪ੍ਰਸ਼ਾਸਨ ਦੀ ਨਜ਼ਰ, ਹਰਚੰਦਪੁਰਾ ਬੰਨ੍ਹ ਕੀਤਾ ਹੋਰ ਮਜ਼ਬੂਤ: SDM ਪਾਤੜਾਂ

Scroll to Top