Harpal singh cheema news

ਪੰਜਾਬ ਦੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਵੱਲੋਂ ਮੁਲਾਜ਼ਮਾਂ ਦੀ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਕਮੇਟੀ ਬਣਾਉਣ ਦੇ ਹੁਕਮ

ਚੰਡੀਗੜ੍ਹ, 09 ਦਸੰਬਰ 2024: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਸਿੱਖਿਆ ਵਿਭਾਗ ਦੀਆਂ ਚਾਰ ਮੁਲਾਜ਼ਮ ਯੂਨੀਅਨਾਂ ਨਾਲ ਅਹਿਮ ਬੈਠਕ ਕੀਤੀ । ਇਹ ਬੈਠਕ ਇਨ੍ਹਾਂ ਮੁਲਾਜ਼ਮ ਯੂਨੀਅਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਕਈ ਮੰਗਾਂ ’ਤੇ ਵਿਚਾਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ‘ਚ ਸੱਦੀ ਗਈ ਸੀ।

ਇਨ੍ਹਾਂ ਬੈਠਕਾਂ ਦੌਰਾਨ ਵਿੱਤ ਮੰਤਰੀ ਨੇ ਸਿੱਖਿਆ ਵਿਭਾਗ, ਪ੍ਰਸੋਨਲ ਵਿਭਾਗ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਕਮੇਟੀ ‘ਚ ਇਹ ਤਿੰਨ ਕਰਮਚਾਰੀ ਸੰਗਠਨ ਸ਼ਾਮਲ ਹਨ – A.I.E. ਕੱਚੇ ਅਧਿਕਾਰੀ ਯੂਨੀਅਨ, ਆਈ.ਈ.ਆਰ.ਟੀ. ਸਪੈਸ਼ਲ ਟੀਚਰਜ਼ ਯੂਨੀਅਨ ਅਤੇ ਸਰਵ (ਸਮੱਗਰਾ) ਸਿੱਖਿਆ ਅਭਿਆਨ/ਮਿਡ-ਡੇ-ਮੀਲ ਦਫਤਰ ਕਰਮਚਾਰੀ ਯੂਨੀਅਨ ਦੁਆਰਾ ਸੇਵਾਵਾਂ ਨੂੰ ਨਿਯਮਤ ਕਰਨ ਦੀ ਉਠਾਈ ਮੰਗ ‘ਤੇ ਵਿਚਾਰ ਕੀਤਾ ਜਾਵੇਗਾ।

ਇਸ ਮੌਕੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਕਮੇਟੀ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਕੇ ਆਪਣੀ ਛੇਤੀ ਹੀ ਰਿਪੋਰਟ ਸੌਂਪੇਗੀ। ਉਨ੍ਹਾਂ ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੂਨੀਅਨਾਂ ਵੱਲੋਂ ਚੁੱਕੀਆਂ ਵਿੱਤੀ ਮੰਗਾਂ ਦਾ ਅਧਿਐਨ ਕਰਕੇ ਛੇਤੀ ਹੀ ਉਨ੍ਹਾਂ ਨਾਲ ਬੈਠਕ ਕੀਤੀ ਜਾਵੇ, ਤਾਂ ਜੋ ਲੋੜੀਂਦੇ ਕਦਮ ਚੁੱਕੇ ਜਾ ਸਕਣ।

ਇਸਦੇ ਨਾਲ ਹੀ ਕੰਪਿਊਟਰ ਟੀਚਰਜ਼ ਯੂਨੀਅਨ ਦੀਆਂ ਮੰਗਾਂ ਦੇ ਸਬੰਧ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਐਜੂਕੇਸ਼ਨ ਸੋਸਾਇਟੀ (ਪੀਆਈਸੀਟੀਈਐਸ) ਅਧੀਨ ਭਰਤੀ ਕੀਤੇ ਗਏ ਇਨ੍ਹਾਂ ਅਧਿਆਪਕਾਂ ਦੀਆਂ ਹੱਕੀ ਮੰਗਾਂ ’ਤੇ ਵਿਚਾਰ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ।

ਵਿੱਤ ਮੰਤਰੀ ਚੀਮਾਂ ਅਤੇ ਸਿੱਖਿਆ ਵਿਭਾਗ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਛੇਤੀ ਹੱਲ ਕਰਨ ਲਈ ਵਚਨਬੱਧ ਹੈ। ਯੂਨੀਅਨਾਂ ਦੇ ਨੁਮਾਇੰਦਿਆਂ ਨੇ ਵੀ ਭਰੋਸਾ ਪ੍ਰਗਟਾਇਆ ਕਿ ਇਹ ਬੈਠਕਾਂ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਸਹੀ ਦਿਸ਼ਾ ਵੱਲ ਕਦਮ ਸਾਬਤ ਹੋਣਗੀਆਂ।

Read more: AAP: ਪੰਜਾਬ ‘ਚ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸਕਰੀਨਿੰਗ ਕਮੇਟੀਆਂ ਗਠਨ

Scroll to Top