ਚੰਡੀਗੜ੍ਹ, 25 ਅਗਸਤ, 2021 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਬੇਭਰੋਸੇਗੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਖੁਲ੍ਹੇ ਆਮ ਮੰਗ ਕਰਕੇ ਕਾਂਗਰਸ ਦੀ ਅੰਦਰੂਨੀ ਅਤੇ ਰਾਜ ਦੀ ਰਾਜਨੀਤੀ ਵਿੱਚ ਧਮਾਕਾ ਕਰਨ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਦੇ ਨੁਮਾਇੰਦਿਆਂ ਨੇ ਆਪਣੀ ਮੰਗਲਵਾਰ ਦੀ ਮੀਟਿੰਗ ਮਗਰੋਂ ਐਲਾਨ ਕੀਤੇ |
ਮੁਤਾਬਿਕ ਅੱਜ ਮੰਤਰੀਆਂ ਅਤੇ ਵਿਧਾਇਕਾਂ ਦਾ ਇਕ ਵਫ਼ਦ ਸਵੇਰ ਸਾਰ ਹੀ ਦੇਹਰਾਦੂਨ ਲਈ ਰਵਾਨਾ ਹੋ ਗਿਆ ਜੋ ਦੁਪਹਿਰ ਨੂੰ ਦੇਹਰਾਦੂਨ ਵਿਖ਼ੇ ਪੁੱਜ ਗਿਆ ਜਿੱਥੇ ਇਕ ਹੋਟਲ ਵਿੱਚ ਉਨ੍ਹਾਂ ਦੀ ਰਾਵਤ ਨਾਲ ਮੀਟਿੰਗ ਹੋਣੀ ਤੈਅ ਹੈ।
ਇਹ ਵਫ਼ਦ ਬੁੱਧਵਾਰ ਨੂੰ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ, ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲ ਕੇ ਉਨ੍ਹਾਂ ਤਕ ਉਨ੍ਹਾਂ ਸਾਰੇ ਵਿਧਾਇਕਾਂ ਦੀਆਂ ਭਾਵਨਾਵਾਂ ਪੁਚਾਏਗਾ ਜਿਨ੍ਹਾਂ ਨੇ ਕਲ੍ਹ ਦੀ ਮੀਟਿੰਗ ਵਿੱਚ ਭਾਗ ਲਿਆ ਸੀ ਹਾਲਾਂ ਕਿ ਘੱਟੋ ਘੱਟ 6 ਵਿਧਾਇਕ ‘ਕੈਪਟਨ ਹਟਾਓ ਮੁਹਿੰਮ’ ਵਿੱਚ ਸ਼ਾਮਲ ਹੋਣ ਦੀ ਗੱਲ ਤੋਂ ਕਿਨਾਰਾ ਕਰ ਚੁੱਕੇ ਹਨ।
ਅੱਜ ਰਾਵਤ ਨੂੰ ਮਿਲਣ ਉਪਰੰਤ ਇਹ ਵਫ਼ਦ ਦਿੱਲੀ ਜਾਵੇਗਾ ਜਿੱਥੇ ਹਾਈਕਮਾਨ ਦੇ ਆਗੂਆਂ ਭਾਵ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ।
ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਵਾਲੇ ਵਫ਼ਦ ਵਿੱਚ ਪੰਜਾਬ ਦੇ ਕਾਂਗਰਸੀ 4 ਵਿਧਾਇਕ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ:ਸੁਖ਼ਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਤਿੰਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਅਤੇ ਸੁਰਜੀਤ ਸਿੰਘ ਧੀਮਾਨ ਸ਼ਾਮਲ ਹਨ।
ਐਲਾਨ ਦੇ ਮੁਤਾਬਕ ਪਰਗਟ ਸਿੰਘ ਇਸ ਵਫ਼ਦ ਦਾ ਹਿੱਸਾ ਨਹੀਂ ਹਨ, ਪਰ ਉਨ੍ਹਾਂ ਦਿੱਲੀ ਵਿਖ਼ੇ ਹਾਈਕਮਾਨ ਨਾਲ ਮੀਟਿੰਗ ਵੇਲੇ ਮੌਜੂਦ ਰਹਿਣ ਲਈ ਦਿੱਲੀ ਵਾਸਤੇ ਰਵਾਨਾ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਜਿਹੜੇ ਵਿਧਾਇਕ ਸ਼ਾਮਲ ਦੱਸੇ ਜਾ ਰਹੇ ਸਨ ਅਤੇ ਜਿਨ੍ਹਾਂ ਦੀ ‘ਅਪਰੂਵਲ’ ਲੈ ਲੈਣ ਦੀ ਗੱਲ ਕਹੀ ਗਈ ਸੀ, ਦੇਰ ਸ਼ਾਮ ਉਨ੍ਹਾਂ ਵਿੱਚੋਂ ਪੰਜਾਬ ਦੇ 7 ਕਾਂਗਰਸੀ ਵਿਧਾਇਕ ਵਿਧਾਇਕਾਂ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਉਹ ਇਸ ਅਖ਼ੌਤੀ ਬਗਾਵਤ ਵਿੱਚ ਸ਼ਾਮਲ ਨਹੀਂ ਹਨ।
ਇਹ ਪ੍ਰੈਸ ਬਿਆਨ ਵਿਧਾਇਕਾਂ ਕੁਲਦੀਪ ਸਿੰਘ ਵੈਦ, ਦਲਬੀਰ ਸਿੰਘ ਗੋਲਡੀ, ਸੰਤੋਖ਼ ਸਿੰਘ ਭਲਾਈਪੁਰ, ਅੰਗਦ ਸਿੰਘ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਸ਼ਾਮਲ ਦੱਸੇ ਗਏ ਸਨ ਪਰ ਇਸ ਤੋਂ ਕੁਝ ਸਮਾਂ ਬਾਅਦ ਹੀ ਗੁਰਕੀਰਤ ਸਿੰਘ ਕੋਟਲੀ ਨੇ ਸਪਸ਼ਟ ਕੀਤਾ ਸੀ ਕਿ ਉਹ ਨਾ ਕੇਵਲ ਕਲ੍ਹ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ |
ਸਗੋਂ ਉਸ ਮਤੇ ਦਾ ਹਿੱਸਾ ਸਨ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਪਾਸ ਕੀਤਾ ਗਿਆ ਸੀ। ਉਨ੍ਹ ਕਿਹਾ ਸੀ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਨਾਲ ਬੀਤੇ ਕਲ੍ਹ ਦੀ ਮੀਟਿੰਗ ਤੋਂ ਬਾਅਦ ਕੋਈ ਸੰਪਰਕ ਨਹੀਂ ਸਾਧਿਆ ਗਿਆ ਅਤੇ ਬਗਾਵਤ ਨਾਲ ਸੰਬੰਧਤ ਨਾ ਹੋਣ ਦਾ ਬਿਆਨ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜਾਰੀ ਕੀਤਾ ਗਿਆ।