ਚੰਡੀਗੜ੍ਹ/ਗੁਰਦਾਸਪੁਰ/ਹੁਸ਼ਿਆਰਪੁਰ, 8 ਜਨਵਰੀ 2026: ਪੰਜਾਬ ਕਾਂਗਰਸ ਨੇ ਪਿੰਡਾਂ ‘ਚ ਰੋਜ਼ਗਾਰ ਦੀ ਗਾਰੰਟੀ ਯੋਜਨਾ ਮਨਰੇਗਾ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਐਲਾਨੇ ‘ਮਨਰੇਗਾ ਬਚਾਓ ਸੰਗਰਾਮ’ ਦੇ ਪਹਿਲੇ ਚਰਨ ਦੀ ਅਗਵਾਈ ਕੀਤੀ ਹੈ।
ਮਨਰੇਗਾ ਬਚਾਓ ਸੰਗਰਾਮ ਗੁਰਦਾਸਪੁਰ ‘ਚ ਹੋਈ ਇਕ ਸ਼ਾਨਦਾਰ ਅਤੇ ਵਿਸ਼ਾਲ ਰੈਲੀ ਨਾਲ ਸ਼ੁਰੂ ਹੋਇਆ, ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਹਜ਼ਾਰਾਂ ਵਰਕਰਾਂ, ਮਜ਼ਦੂਰਾਂ, ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਮਨਰੇਗਾ ਬਹਾਲ ਕਰਨ ਅਤੇ ਨਵੇਂ ਕਾਨੂੰਨ ‘ਵੀਬੀ ਜੀਰਾਮਜੀ’ ਨੂੰ ਵਾਪਸ ਲੈਣ ਦੀ ਮੰਗ ਕੀਤੀ |
ਇਸ ਮੌਕੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਹੀ ਇਕਲੌਤੀ ਪਾਰਟੀ ਹੈ, ਜਿਹੜੀ ਹਮੇਸ਼ਾਂ ਤੋਂ ਮਿਹਨਤੀ ਲੋਕਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਦੇ ਹੱਕ ‘ਚ ਫ਼ੈਸਲੇ ਲੈਂਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਲ 2005 ‘ਚ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਮਨਰੇਗਾ ਯੋਜਨਾ ਨੂੰ ਨਾ ਸਿਰਫ਼ ਦੇਸ਼ ਅੰਦਰ, ਸਗੋਂ ਦੁਨੀਆ ਭਰ ‘ਚ ਗਰੀਬ-ਪੱਖੀ ਯੋਜਨਾ ਵਜੋਂ ਸ਼ਲਾਘਾ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਹ ਯੋਜਨਾ ਖਤਮ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਸਮੇਤ ਪੂਰੀ ਕਾਂਗਰਸ ਅਗਵਾਈ ਨੇ ਮਜ਼ਦੂਰਾਂ ਅਤੇ ਕਮਜ਼ੋਰ ਵਰਗਾਂ ਦੀ ਆਵਾਜ਼ ਬਣਨ ਦਾ ਫ਼ੈਸਲਾ ਕੀਤਾ ਹੈ|
ਕਾਂਗਰਸ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਭਾਜਪਾ ਦੀ ਬੀ-ਟੀਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਦੇ ਗਰੀਬਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਆਪਣਾ 10 ਫ਼ੀਸਦੀ ਦਾ ਹਿੱਸਾ ਵੀ ਨਹੀਂ ਦਿੱਤਾ ਸੀ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਦਿਨ ਤੋਂ ਹੀ ਮਨਰੇਗਾ ਸਕੀਮ ਪ੍ਰਤੀ ਵਿਰੋਧੀ ਰਵੱਈਆ ਅਪਣਾਇਆ | ਹਕੀਕਤ ਇਹ ਹੈ ਕਿ ਮਨਰੇਗਾ ਦੁਨੀਆ ਭਰ ‘ਚ ਸਭ ਤੋਂ ਵਧੀਆ ਪਿੰਡ ਰੋਜ਼ਗਾਰ ਯੋਜਨਾ ਵਜੋਂ ਮੰਨੀ ਹੈ।
ਰਾਜਾ ਵੜਿੰਗ ਨੇ ਨਵੀਂ ਸਕੀਮ ਹੇਠ 125 ਦਿਨਾਂ ਦਾ ਰੋਜ਼ਗਾਰ ਦੇਣ ਸਬੰਧੀ ਭਾਜਪਾ ਦੇ ਦਾਅਵੇ ’ਤੇ ਕਿਹਾ ਕਿ ਜਦੋਂ 100 ਦਿਨਾਂ ਦਾ ਕੰਮ ਦੇਣਾ ਸੀ, ਉਸ ਵੇਲੇ ਵੀ ਮਨਰੇਗਾ ਨੂੰ ਸਿਰਫ਼ 48 ਫ਼ੀਸਦੀ ਹੀ ਲਾਗੂ ਕੀਤਾ ਜਾ ਸਕਿਆ ਸੀ। ਜਦਕਿ ਪੰਜਾਬ ‘ਚ ਤਾਂ ‘ਆਪ’ ਸਰਕਾਰ ਹੇਠ ਇਹ ਇੱਕ ਫ਼ੀਸਦੀ ਵੀ ਨਹੀਂ ਰਹੀ। ਉਨ੍ਹਾਂ ਪੁੱਛਿਆ ਕਿ ਜਦੋਂ ਤੁਸੀਂ 50 ਦਿਨਾਂ ਦਾ ਕੰਮ ਵੀ ਨਹੀਂ ਦੇ ਸਕਦੇ, ਤਾਂ 125 ਦਿਨਾਂ ਦੀ ਗਾਰੰਟੀ ’ਤੇ ਕੌਣ ਭਰੋਸਾ ਕਰੇਗਾ ? ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਆਪਣੇ ਸਰੋਤਾਂ ਨਾਲ ਪੰਜਾਬ ਦੇ ਪਿੰਡਾਂ ਦੇ ਗਰੀਬਾਂ ਲਈ ਘੱਟੋ-ਘੱਟ 4000 ਕਰੋੜ ਰੁਪਏ ਦਾ ਐਲਾਨ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਪੰਜਾਬ ‘ਤੇ ਕਰਜ਼ੇ ਦਾ ਬੋਝ ਵਧਾ ਕੇ ਕੁੱਲ ਕਰਜ਼ਾ 4.5 ਲੱਖ ਕਰੋੜ ਰੁਪਏ ਤੱਕ ਪਹੁੰਚਾ ਗਿਆ ਹੈ | ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਪ੍ਰਤੀ ਵੈਰ ਕੱਢ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੱਲੋਂ 9000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਰੋਕਿਆ ਹੈ ਅਤੇ ਹੁਣ ਮਨਰੇਗਾ ਖਤਮ ਹੋਣ ਨਾਲ ਪਿੰਡਾਂ ਦੇ ਗਰੀਬ ਹੋਰ ਵੀ ਪ੍ਰਭਾਵਿਤ ਹੋਣਗੇ।
Read More: ਪੰਜਾਬ ਕਾਂਗਰਸ ਸੂਬੇ ‘ਚ G-RAM-G ਕਾਨੂੰਨ ਵਿਰੁੱਧ ਸ਼ੁਰੂ ਕਰੇਗੀ ਮੁਹਿੰਮ




