June 24, 2024 5:38 pm
Punjab Congress

ਪੰਜਾਬ ਕਾਂਗਰਸ ਦੇ ਆਗੂ ਗਠਜੋੜ ਨੂੰ ਲੈ ਕੇ ਮਲਿਕਾਅਰਜੁਨ ਖੜਗੇ ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ, 24 ਜੁਲਾਈ 2023: ਪੰਜਾਬ ਕਾਂਗਰਸ (Punjab Congress) ਦੇ ਆਗੂ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਕੇਂਦਰ ਸਰਕਾਰ ਦੇ ਆਰਡੀਨੈਂਸ ਵਿਰੁੱਧ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਬਾਰੇ ਆਪਣੀ ਰਾਏ ਦੇਣਗੇ। ਜਦਕਿ ਕਾਂਗਰਸ ਨੇ ‘ਆਪ’ ਦੇ ਸਮਰਥਨ ‘ਚ ਇੰਡੀਆ (I.N.D.I.A) ਨਾਲ ਗਠਜੋੜ ਲਈ ਸਹਿਮਤੀ ਪ੍ਰਗਟਾਈ ਹੈ।

ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਕੌਮੀ ਪ੍ਰਧਾਨ ਨਾਲ ਵੀ ਮੁਲਾਕਾਤ ਕਰਨਗੇ। ਜਦਕਿ ਇਸ ਤੋਂ ਪਹਿਲਾਂ ਬਾਜਵਾ ਸਮੇਤ ਸਮੁੱਚੀ ਪੰਜਾਬ ਕਾਂਗਰਸ ‘ਆਪ’ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਚੁੱਕੀ ਹੈ। ਪ੍ਰਤਾਪ ਬਾਜਵਾ ਨੇ ਵੀ ‘ਆਪ’ ਨਾਲ ਗਠਜੋੜ ਨਾ ਕਰਨ ਦੀ ਗੱਲ ਕਹੀ ਹੈ। ਪਰ ਜਦੋਂ ਤੋਂ ਕਾਂਗਰਸ ਆਈ.ਐਨ.ਡੀ.ਆਈ.ਏ. ਦਾ ਹਿੱਸਾ ਬਣੀ ਹੈ, ਪੰਜਾਬ ਕਾਂਗਰਸ ਦੁਚਿੱਤੀ ਵਿੱਚ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਕਾਂਗਰਸ ਦੇ ਆਗੂ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਗੱਲਬਾਤ ਕਰਨ ਜਾ ਰਹੇ ਹਨ।

ਵਿਜੀਲੈਂਸ ਵੱਲੋਂ ਪੰਜਾਬ ਕਾਂਗਰਸ (Punjab Congress) ਦੇ ਆਗੂਆਂ ਖਿਲਾਫ ਇੱਕ ਤੋਂ ਬਾਅਦ ਇੱਕ ਕਾਰਵਾਈ ਕੀਤੀ ਜਾ ਰਹੀ ਹੈ। ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਵਿਧਾਇਕ ਬਰਿੰਦਰ ਮੀਤ ਪਾਹੜਾ ਅਤੇ ਹੋਰਾਂ ਖ਼ਿਲਾਫ਼ ਵਿਜੀਲੈਂਸ ਜਾਂਚ ਚੱਲ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਵੀ ਗੁੱਸਾ ਹੈ। ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਦੋਵੇਂ ਪਾਰਟੀਆਂ ਆਪਸ ‘ਚ ਟਕਰਾ ਰਹੀਆਂ ਹਨ।