July 4, 2024 11:24 pm
Jasveer Singh Garhi

CM ਦੇ 100 ਦਿਨਾਂ ਦੇ 100 ਐਲਾਨਾਂ ਨੇ ਸਾਬਤ ਕੀਤਾ ਤੁਸੀਂ ਐਲਾਨਨਜੀਤ ਨਹੀਂ ਦਲਿਤ ਸਮਾਜ ਦੇ ਵਿਸ਼ਵਾਸਘਾਤਜੀਤ ਵੀ ਹੋ : ਗੜ੍ਹੀ

ਫਗਵਾੜਾ 3 ਜਨਵਰੀ 2022 : ਬੀਤੇ ਦਿਨੀਂ ਅਖਬਾਰਾਂ ਵਿਚ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਆਪਣੇ 100 ਦਿਨਾਂ ਦੇ ਕਾਰਜਕਾਲ ਦਾ ਲੇਖਾ ਜੋਖਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਛਪਵਾਇਆ ਗਿਆ। ਪਰ ਮੁੱਖ ਮੰਤਰੀ ਦੇ 100 ਦਿਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਸਾਬਤ ਹੋ ਗਿਆ ਕਿ ਉਹ ਐਲਾਨਜੀਤ ਹੀ ਹਨ, ਇਨ੍ਹਾਂ ਗੱਲਾ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ (Jasveer Singh Garhi) ਨੇ ਕੀਤਾ। ਸ. ਗੜ੍ਹੀ ਨੇ ਕਿਹਾ ਕਿ ਪੂਰਾ ਪੰਜਾਬ ਜਾਣ ਗਿਆ ਹੈ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਆਪਣੇ 60 ਦਿਨਾਂ ਦੇ ਕਾਰਜਕਾਲ ਦੌਰਾਨ ਵੀ ਇਸੇ ਤਰ੍ਹਾਂ ਅਖਬਾਰਾਂ ਵਿਚ ਕਰੋੜਾਂ ਰੁਪਏ ਖਰਚਕੇ ਇਸ਼ਤਿਹਾਰ ਛਪਵਾਏ ਸਨ। ਪਹਿਲਾਂ ਕੀਤੇ ਐਲਾਨਾਂ ਵਿੱਚ ਵੀ 30 ਹਜ਼ਾਰ ਪਰਿਵਾਰਾਂ ਨੂੰ ਮੁਫਤ ਪਲਾਟ ਦਿੱਤੇ ਗਏ ਤੇ ਅੱਜ 100 ਦਿਨਾਂ ਬਾਅਦ ਵੀ 30 ਹਜ਼ਾਰ ਪਰਿਵਾਰਾਂ ਨੂੰ ਪਲਾਟ ਦਿੱਤੇ ਗਏ। 60 ਦਿਨ ਪਹਿਲਾਂ ਵੀ ਪੰਜਾਬ ਦੇ 55 ਪਿੰਡਾਂ ਦੇ 4846 ਘਰਾਂ ਨੂੰ ਲਾਲ ਲਕੀਰ ਵਿਚੋਂ ਕੱਢਿਆ ਗਿਆ ਤੇ ਅੱਜ 100 ਦਿਨਾ ਬਾਅਦ ਵੀ 55 ਪਿੰਡਾਂ ਦੇ 4846 ਪਰਿਵਾਰ ਲਾਲ ਲਕੀਰ ਵਿਚੋਂ ਕੱਢੇ ਗਏ। ਯਾਨੀ ਕਿ ਮੁੱਖ ਮੰਤਰੀ ਸਾਹਿਬ ਨੇ ਅਗਲੇ 40 ਦਿਨਾਂ ਵਿਚ ਕੋਈ ਕੰਮ ਨਹੀਂ ਕੀਤਾ। ਚਾਲੀ ਦਿਨਾਂ ਬਾਅਦ ਵੀ 60 ਦਿਨ ਪਹਿਲਾਂ ਦਿੱਤੇ ਇਸ਼ਤਿਹਾਰ ਦੀ ਨਾ ਬਿੰਦੀ ਬਦਲੀ ਨਾ ਹੀ ਗਿਣਤੀ।

ਜਸਵੀਰ ਸਿੰਘ ਗੜ੍ਹੀ (Jasveer Singh Garhi) ਨੇ ਮੁੱਖ ਮੰਤਰੀ ਚੰਨੀ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਤੁਸੀਂ ਐਲਾਨ ਕੀਤਾ ਸੀ ਕਿ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਮੁਫਤ ਵਰਦੀਆਂ ਦੇਵਾਂਗੇ। ਥੋੜ੍ਹਾ ਪੰਜਾਬ ਦੇ ਲੋਕਾਂ ਅੱਗੇ ਚਾਨਣਾ ਪਾਓ ਕਿ ਕਿੰਨੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਅੰਬੇਡਕਰ ਭਵਨ ਬਣਾਵਾਂਗੇ ਅਤੇ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਪੰਜਾਬ ਦੇ ਹਰ ਜ਼ਿਲੇ ਵਿਚ ਪਹਿਲਾਂ ਤੋਂ ਹੀ ਅੰਬੇਡਕਰ ਭਵਨ ਬਣੇ ਹੋਏ ਹਨ। ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਸੀਂ ਗੈਰ ਹੁਨਰਮੰਦ ਕਾਮਿਆਂ ਲਈ 9192 ਰੁਪਏ ਮਿਹਨਤਾਨਾ ਦੇਵਾਂਗੇ ਪਰ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਤੁਸੀਂ 3000 ਰੁਪਏ ਮਹੀਨਾ ਤਨਖਾਹ ਦੇ ਰਹੇ ਹੋ। ਇਹ ਕਿਸ ਤਰ੍ਹਾਂ ਦਾ ਇਨਸਾਫ ਹੈ। ਗਰੀਬਾਂ ਅਤੇ ਕਮਜ਼ੋਰਾਂ ਦੇ ਨਾਲ ਤੁਸੀਂ ਕਿੱਥੇ ਖੜ੍ਹ ਰਹੇ ਹੋ?

ਜਸਵੀਰ ਸਿੰਘ ਗੜ੍ਹੀ (Jasveer Singh Garhi) ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਪੰਜਾਬੀ ਨਾ ਪੰਜਾਬੀ ਨਾ ਪੜ੍ਹਾਉਣ ਵਾਲੇ ਸਕੂਲਾਂ ਨੂੰ ਜੁਰਮਾਨਾ ਕਰਾਂਗੇ। ਮੁੱਖ ਮੰਤਰੀ ਸਾਬ੍ਹ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਜ਼ਹਿਮਤ ਕਰੋਗੇ ਕਿ ਤੁਸੀਂ ਅੱਜ ਤੱਕ ਕਿੰਨੇ ਸਕੂਲਾਂ ਨੂੰ ਜੁਰਮਾਨਾ ਕੀਤਾ? ਫਰਜ਼ੀ ਐਲਾਨਾਂ ਦੇ ਬਿਆਨਾਂ ਦਾ ਕੀ ਹੈ ਬਿਆਨ ਤਾਂ ਜਿੰਨੇ ਮਰਜ਼ੀ ਅਖਬਾਰਾਂ ਵਿਚ ਛਪਵਾ ਦਿਓ। ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵਜੀਫਾ ਸਕੀਮ ਲਾਗੂ ਕਰਾਂਗੇ ਪਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਜੋ ਸ਼ਡੀਊਲ ਕਾਸਟ, ਓਬੀਸੀ ਵਰਗ ਨੂੰ ਮਿਲਦੀ ਸੀ ਉਸ ਦਾ ਤੁਸੀਂ ਕੀ ਕੀਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਵਿਚ 2017 ਵਿਚ 4 ਲੱਖ ਵਿਦਿਆਰਥੀ ਪੜ੍ਹਦਾ ਸੀ। ਪਰ ਲੱਗਦਾ ਅੱਜ 400 ਵਿਦਿਆਰਥੀ ਵੀ ਨਹੀਂ ਪੜ੍ਹ ਰਿਹਾ ਹੋਵੇਗਾ। ਤੁਹਾਡੀ ਸਰਕਾਰ ਨੇ ਵਿਦਿਆਰਥੀਆਂ ਦਾ ਘਾਣ ਕਿਉਂ ਕੀਤਾ, ਕਿਉਂ ਉਨ੍ਹਾਂ ਦੇ ਭਵਿੱਖ ਨੂੰ ਉਜਾੜ ਕੇ ਰੱਖ ਦਿੱਤਾ।

ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਇਸ਼ਤਿਹਾਰ ਵਿਚ ਐਲਾਨ ਕੀਤਾ ਸੀ ਕਿ ਗੁਰੂਆਂ, ਮਹਾਪੁਰਖਾਂ ਦੇ ਨਾਂ ’ਤੇ ਚੇਅਰਾਂ ਸਥਾਪਤ ਕੀਤੀਆਂ। ਅੱਜ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਪੁੱਛ ਰਹੇ ਹਨ ਕਿ ਇਹ ਦੱਸਣ ਦੀ ਕ੍ਰਿਪਾਲਤਾ ਕਰੋ ਕਿ ਇਸ ਵਾਸਤੇ ਕਿੰਨਾ ਫੰਡ ਤੁਹਾਡੇ ਵੱਲੋਂ ਜਾਰੀ ਹੋਇਆ ਹੈ। ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਾਹਿਬ ਕਿਹਾ ਸੀ ਕਿ ਉਹ ਦਲਿਤ ਹਿਤੈਸ਼ੀ ਹਨ ਅਤੇ ਸਟੇਜਾਂ ’ਤੇ ਐਲਾਨ ਕੀਤਾ ਸੀ ਕਿ ਕਪੂਰਥਲਾ ਵਿਚ ਬਾਬਾ ਸਾਹਿਬ ਦੇ ਨਾਮ ਤੇ ਅਜਾਇਬਘਰ ਬਣਾਇਆ ਜਾਵੇਗਾ। ਅੱਜ 100 ਦਿਨ ਹੋ ਗਏ ਹਨ ਜ਼ਰਾ ਦੱਸੋ ਤਾਂ ਸੀ ਕਿ ਉਥੇ ਕਿੰਨੀਆਂ ਇੱਟਾਂ ਲੱਗੀਆਂ, ਕਿੰਨਾ ਸੀਮੈਂਟ ਲੱਗਾ, ਕੰਧਾਂ ਕਿੰਨੀਆਂ ਬਣ ਗਈਆਂ ਅਤੇ ਕਿੰਨਾ ਫੰਡ ਤੁਹਾਡੀ ਸਰਕਾਰ ਨੇ ਜਾਰੀ ਕੀਤਾ ਹੈ। ਇਸ ਬਾਰੇ ਇਕ ਵ੍ਹਾਈਟ ਪੇਪਰ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ।

ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਕਿ 36000 ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਸਿਰਫ ਐਲਾਨ ਹੈ ਤੇ ਇਹ ਗੱਲ ਸਾਬਿਤ ਵੀ ਹੋ ਗਈ ਜਦੋਂ ਮੁੱਖ ਮੰਤਰੀ ਨੇ ਮੰਨਿਆ ਕਿ ਜੋ ਮੈਂ ਐਲਾਨ ਕੀਤਾ ਸੀ ਉਹ ਪੂਰਾ ਨਹੀਂ ਹੋ ਪਾਇਆ ਕਿਉਂਕਿ ਫਾਈਲ ਰਾਜਪਾਲ ਨੇ ਰੋਕੀ ਹੋਈ ਹੈ। ਇਸਦਾ ਮਤਲਬ ਮੁੱਖ ਮੰਤਰੀ ਚੰਨੀ ਜੀ 100 ਦਿਨਾਂ ਤੱਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਕਾਂਗਰਸ ਸਰਕਾਰ ਵਲੋਂ ਇਹ ਵੀ ਐਲਾਨ ਕੀਤਾ ਸੀ ਕਿ ਬੰਗਾ ਵਿਖੇ ਡਾ. ਅੰਬੇਡਕਰ ਜੀ ਦੇ ਨਾਮ ਤੇ ਡਿਗਰੀ ਕਾਲਜ ਬਣਾਵਾਂਗੇ ਪਰ ਅੱਜ ਇਹ ਐਲਾਨ ਤੁਹਾਡੀ ਲਿਸਟ ਵਿਚ ਕਿਉਂ ਨਹੀਂ ਹੈ? ਮੈਂ 60 ਦਿਨ ਪਹਿਲਾਂ ਹੀ ਤੁਹਾਡੇ ਐਲਾਨਾਂ ਨੂੰ ਬੇਨਕਾਬ ਕੀਤਾ ਸੀ ਤੇ ਅੱਜ ਫਿਰ ਕਹਿ ਰਿਹਾ ਹਾਂ ਕਿ ਤੁਸੀਂ ਸਿਰਫ ਐਲਾਨ ਹੀ ਕਰ ਸਕਦੇ ਹੋ ਕਰਨਾ ਤੁਸੀਂ ਕੁਝ ਨਹੀਂ। ਤੁਸੀਂ ਕਿਹਾ ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਰੱਖਾਂਗੇ। ਉਸ ਐਲਾਨ ਦਾ ਕੀ ਬਣਿਆ? ਤੁਸੀਂ ਕਿਹਾ ਸੀ ਕਿ ਚਹੁੰ ਮਾਰਗੀ ਰਾਜਮਾਰਗ ਬਣਾਵਾਂਗੇ ਪਰ 100 ਦਿਨਾਂ ਵਿਚ ਤੁਹਾਡੇ ਕੋਲੋਂ ਖੇਤ ਦੀ ਇਕ ਵੱਟ ਜਿੰਨੀ ਜਗ੍ਹਾ ਤਾਂ ਅਕਵਾਇਰ ਹੋਈ ਨਹੀਂ ਚਾਰ ਮਾਰਗੀ ਸੜਕ ਤਾਂ ਦੂਰ ਦੀ ਗੱਲ ਹੈ। ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਬਹੁਜਨ ਸਮਾਜ ਨੂੰ ਕਾਂਗਰਸ ਦੇ ਹੱਥਾਂ ਵਿਚ ਖੇਡ ਕੇ ਗੁੰਮਰਾਹ ਕਰ ਰਹੇ ਹਨ। ਤੁਗਲਕਾਬਾਦ ਵਿਚ ਸ੍ਰੀ ਗੁਰੂ ਰਵਿਦਾਸ ਜੀ ਮੰਦਰ ਦੀ ਲੀਜ਼ ਲਈ ਕੇੇਂਦਰ ਦੀ ਮੋਦੀ ਸਰਕਾਰ 4 ਕਰੋੜ 34 ਲੱਖ ਰੁਪਏ ਮੰਗ ਰਹੀ ਹੈ ਤੁਸੀਂ ਉਸ ਬਾਰੇ ਕੀ ਕੀਤਾ। ਸ੍ਰੀ ਖੁਰਾਲਗੜ੍ਹ ਸਾਹਿਬ ਮੁੱਖ ਮੰਤਰੀ ਦੇ ਜ਼ਿਲ੍ਹੇ ਰੋਪੜ ਦੀ ਹੱਦ ਤੇ ਸਥਿਤ ਹੈ ਉਥੇ ਤੁਸੀ 90 ਦਿਨਾਂ ਬਾਅਦ 18 ਦਸੰਬਰ ਨੂੰ ਪਹੁੰਚੇ। ਸ. ਗੜ੍ਹੀ ਨੇ ਕਿਹਾ ਕਿ ਚੰਨੀ ਨਾ ਸ੍ਰੀ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਲੱਗਦੇ ਹਨ ਤੇ ਨਾ ਹੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪਿੰਡ ਖੁਵਾਸਪੁਰ ਮੁੱਖ ਮੰਤਰੀ ਦੇ ਜ਼ਿਲੇ ਵਿਚ ਹੈ ਉਥੇ ਅੱਜ ਤੱਕ ਤੁਸੀਂ ਮੱਥਾ ਟੇਕਣ ਨਹੀਂ ਗਏ।

ਸ. ਗੜ੍ਹੀ ਨੇ ਕਿਹਾ ਕਿ ਚੰਨੀ ਸਾਹਿਬ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਕਿ ਬਹੁਜਨ ਸਮਾਜ ਦੇ ਨਾਲ ਇੰਨੇ ਵੱਡੇ ਝੂਠ ਅਤੇ ਗੱਦਾਰੀਆਂ ਨਾ ਕਰੋ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਵਿਚੋਂ ਕੋਈ ਨੇਤਾ ਹੀ ਨਾ ਲੱਭ ਸਕੇ। ਤੁਹਾਡੇ 100 ਦਿਨਾਂ ਦੇ ਐਲਾਨਨਾਮੇ ਨੇ ਸਾਬਿਤ ਕਰ ਦਿੱਤਾ ਹੈ ਕਿ ਤੁਸੀਂ ਐਲਾਨਜੀਤ ਨਹੀਂ ਵਿਸ਼ਵਾਸਘਾਤੀ ਵੀ ਹੋ। ਬਹੁਜਨ ਸਮਾਜ ਅੱਜ ਇਹ ਵਾਅਦਾ ਕਰਦਾ ਹੈ ਕਿ 2022 ਵਿਚ ਤੁਹਾਨੂੰ ਸੱਤਾ ਤੋਂ ਚੱਲਦਾ ਕਰਾਂਗੇ।