ਅੰਮ੍ਰਿਤਸਰ, 13 ਸਤੰਬਰ 2023: ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਬੁਲੰਦੀ ਉਤੇ ਪਹੁੰਚਣ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਦਾ ਪਹਿਲਾ ‘ਸਕੂਲ ਆਫ ਐਮੀਨੈਂਸ’ (SCHOOL OF EMINENCE) ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਕਿਹਾ, “ਪੰਜਾਬ ਵਿੱਚ ਅੱਜ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਚੁੱਕਾ ਹੈ ਅਤੇ ਇਹ ਸਕੂਲ ਯਕੀਨਨ ਤੌਰ ਉਤੇ ਮੀਲ ਪੱਥਰ ਸਾਬਤ ਹੋਣਗੇ।”
ਮੁੱਖ ਮੰਤਰੀਆਂ ਨੇ ਕਿਹਾ ਕਿ ਅੱਜ ਦਾ ਦਿਨ ਇਕ ਯਾਦਗਾਰੀ ਮੌਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ, ਦੇਸ਼ ਦਾ ਮੋਹਰੀ ਸੂਬਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਖਾਸ ਤੌਰ ਉਤੇ ਗਰੀਬ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਛੇਤੀ ਹੀ ਇਨ੍ਹਾਂ ਸਕੂਲਾਂ ਵਿੱਚੋਂ ਤਾਲੀਮ ਹਾਸਲ ਕਰਨ ਵਾਲੇ ਵਿਦਿਆਰਥੀ ਹਰੇਕ ਖੇਤਰ ਵਿੱਚ ਵੱਡੀ ਪ੍ਰਾਪਤੀਆਂ ਕਰਨਗੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ।
ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਇਹ ਸਕੂਲ ਸਾਡੇ ਵਿਦਿਆਰਥੀਆਂ ਦੀ ਤਕਦੀਰ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਗਰੀਬ ਵਿਦਿਆਰਥੀਆਂ ਦੀ ਭਲਾਈ ਅਜਿਹੇ ਹੋਰ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਕੂਲ ‘ਆਧੁਨਿਕ ਯੁੱਗ ਦੇ ਮੰਦਰ’ ਹੋਣਗੇ ਜੋ ਵਿਦਿਆਰਥੀਆਂ ਦੇ ਜੀਵਨ ਵਿੱਚ ਗੁਣਾਤਮਕ ਤਬਦੀਲੀ ਲਿਆਉਣਗੇ।
ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਸਕੂਲਾਂ ਦੇ ਕਲਾਸ ਰੂਮਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਸਰਕਾਰ ਦੇ ਇਸ ਦੂਰਅੰਦੇਸ਼ ਕਦਮ ਲਈ ਦੋਵਾਂ ਮੁੱਖ ਮੰਤਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ 11ਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ। ਉਸ ਵਿਦਿਆਰਥਣ ਨੇ ਕਿਹਾ ਕਿ ਇਸ ਸਕੂਲ ਵਿਚ ਮੌਜੂਦ ਸਹੂਲਤਾਂ ਇਨ੍ਹਾਂ ਪ੍ਰਾਈਵੇਟ ਸਕੂਲਾਂ ਵਿਚ ਵੀ ਮੌਜੂਦ ਨਹੀਂ ਹਨ। ਉਸ ਨੇ ਇਸ ਸਕੂਲ ਦੀ ਸਥਾਪਨਾ ਲਈ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ।
ਇਕ ਹੋਰ ਵਿਦਿਆਰਥਣ ਕਿਰਨਦੀਪ ਕੌਰ ਜਿਸ ਨੇ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਸ ਸਕੂਲ ਵਿੱਚ ਦਾਖਲਾ ਲਿਆ, ਨੇ ਕਿਹਾ ਕਿ ਉਹ ਸਰਹੱਦ ਇਲਾਕੇ ਦੇ ਇਕ ਪਿੰਡ ਦੀ ਵਸਨੀਕ ਹੈ ਅਤੇ ਉਸ ਦੀ ਇੱਛਾ ਡਾਕਟਰ ਬਣਨ ਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਇਸ ਇੱਛਾ ਦਾ ਪੂਰਾ ਹੋ ਜਾਣਾ ਔਖਾ ਜਾਪਦਾ ਸੀ ਪਰ ਹੁਣ ਉਸ ਨੂੰ ਵਿਸ਼ਵਾਸ ਹੋ ਚੁੱਕਾ ਹੈ ਕਿ ਇਸ ਸਕੂਲ ਸਦਕਾ ਉਸ ਦਾ ਸੁਪਨਾ ਛੇਤੀ ਸਾਕਾਰ ਹੋਵੇਗਾ। ਉਨ੍ਹਾਂ ਨੇ ਇਸ ਨੇਕ ਉਪਰਾਲੇ ਲਈ ਦੋਵਾਂ ਮੁੱਖ ਮੰਤਰੀਆਂ ਦਾ ਧੰਨਵਾਦ ਕੀਤਾ ਜੋ ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨਗੇ।
ਦੋ ਹੋਰ ਵਿਦਿਆਰਥਣਾਂ ਆਰੀਅਨ ਅਤੇ ਸਾਨੀਆ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਤਿ ਆਧੁਨਿਕ ਕਲਾਸ ਰੂਮ ਅਤੇ ਲੈਬਾਰਟਰੀਆਂ ਵਾਲਾ ਸਕੂਲ ਉਨ੍ਹਾਂ ਦੇ ਸੁਪਨਿਆਂ ਦਾ ਸਕੂਲ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ (SCHOOL OF EMINENCE) ਦੀ ਡਿਜੀਟਲ ਪੜ੍ਹਾਈ ਅਤੇ ਅਤਿ ਆਧਿਨਕ ਬੁਨਿਆਦੀ ਢਾਂਚੇ ਨਾਲ ਉਹ ਆਪਣੇ ਜੀਵਨ ਵਿੱਚ ਨਵੀਆਂ ਮੰਜ਼ਲ ਛੂਹਣਗੇ।
ਦੋਵਾਂ ਮੁੱਖ ਮੰਤਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਵਿਸਥਾਰ ਵਿੱਚ ਗੱਲਬਾਤ ਕੀਤੀ, ਜਿਨ੍ਹਾਂ ਨੇ ਦੂਰਅੰਦੇਸ਼ੀ ਵਾਲੇ ਇਸ ਫੈਸਲੇ ਲਈ ਦੋਵਾਂ ਆਗੂਆਂ ਦੀ ਸ਼ਲਾਘਾ ਕੀਤੀ। ਇਕ ਸਰਹੱਦੀ ਪਿੰਡ ਨਾਲ ਸਬੰਧਤ ਅਮਰ ਪਾਲ ਤੇ ਤ੍ਰਿਪਤਾ ਰਾਣੀ ਨੇ ਦੋਵਾਂ ਆਗੂਆਂ ਨੂੰ ਦੱਸਿਆ ਕਿ ਇਹ ਸਕੂਲ ਸਰਕਾਰੀ ਸਕੂਲਾਂ ਵਾਂਗ ਲਗਦਾ ਹੀ ਨਹੀਂ। ਉਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਸੋਚਣ ਅਤੇ ਅਮਲ ਕਰਨ ਵਾਸਤੇ ਦੋਵਾਂ ਮੁੱਖ ਮੰਤਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਕਿਸੇ ਨਾ ਕਿਸੇ ਬਹਾਨੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦੇ ਹਨ ਪਰ ਇਹ ਸਕੂਲ ਸਿੱਖਿਆ ਦੇ ਖ਼ੇਤਰ ਵਿੱਚ ਮਿਸਾਲੀ ਤਬਦੀਲੀ ਹਨ।
ਇਕ ਹੋਰ ਅਧਿਆਪਕ ਰੀਨਾ ਮਹਿਤਾ ਨੇ ਵੀ ਇਸ ਇਤਿਹਾਸਕ ਪਹਿਲਕਦਮੀ ਲਈ ਮੁੱਖ ਮੰਤਰੀਆਂ ਦੀ ਸ਼ਲਾਘਾ ਕੀਤੀ। ਉਸ ਨੇ ਦੱਸਿਆ ਕਿ ਇਹ ਦੇਖ ਕੇ ਖ਼ੁਸ਼ੀ ਹੋ ਰਹੀ ਹੈ ਕਿ ਵਿਦਿਆਰਥੀ ਮੁਫ਼ਤ ਵਿੱਚ ਮਿਆਰੀ ਸਿੱਖਿਆ ਹਾਸਲ ਕਰ ਰਹੇ ਹਨ।
ਪ੍ਰਾਇਮਰੀ ਅਧਿਆਪਕ ਚੰਦਾ ਨੇ ਦੱਸਿਆ ਕਿ ਜੇ ਇਕ ਦਹਾਕਾ ਪਹਿਲਾਂ ਅਜਿਹੇ ਸਕੂਲ ਖੁੱਲ੍ਹੇ ਹੁੰਦੇ ਤਾਂ ਹੁਣ ਤੱਕ ਸੂਬੇ ਦਾ ਨਕਸ਼ਾ ਬਦਲ ਚੁੱਕਿਆ ਹੋਣਾ ਸੀ। ਉਸ ਨੇ ਦੱਸਿਆ ਕਿ ਉਸ ਦਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ ਪਰ ਹੁਣ ਉਸ ਨੂੰ ਪ੍ਰੀਖਿਆ ਮਗਰੋਂ ਇਸ ਸਕੂਲ ਵਿੱਚ ਦਾਖ਼ਲਾ ਮਿਲ ਗਿਆ ਹੈ। ਉਸ ਨੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੰਵਾਰਨ ਦੇ ਉਦੇਸ਼ ਨਾਲ ਕੀਤੀ ਇਸ ਮਿਸਾਲੀ ਪਹਿਲਕਦਮੀ ਲਈ ਦੋਵਾਂ ਮੁੱਖ ਮੰਤਰੀ ਦੀ ਤਾਰੀਫ਼ ਕੀਤੀ।
ਦੋਵਾਂ ਮੁੱਖ ਮੰਤਰੀਆਂ ਨੇ ਇਸ ਸਕੂਲ ਦੇ ਐਨ.ਸੀ.ਸੀ. ਕੈਡੇਟਾਂ ਦੇ ਗਾਰਡ ਆਫ਼ ਆਨਰ ਤੋਂ ਸਲਾਮੀ ਲਈ। ਦੋਵੇਂ ਆਗੂ ਸਕੂਲ ਵਿੱਚ ਨਵੇਂ ਬਣੇ ਬਾਸਕਟਬਾਲ ਕੋਰਟ ਵਿੱਚ ਵੀ ਗਏ, ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਨ੍ਹਾਂ ਨੂੰ ਸਕੂਲ ਦੇ ਵੇਰਵਿਆਂ ਬਾਰੇ ਜਾਣੂੰ ਕਰਵਾਇਆ। ਦੋਵਾਂ ਮੁੱਖ ਮੰਤਰੀਆਂ ਨੇ ਸੂਬੇ ਦੇ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀ ਟਰਾਂਸਪੋਰਟ ਸਹੂਲਤ ਦੀ ਪਹਿਲੀ ਬੱਸ ਨੂੰ ਹਰੀ ਝੰਡੀ ਦਿਖਾਈ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਸਿੱਖਿਆ ਵਿਭਾਗ ਕੇ.ਕੇ. ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।