K.A.P Sinha

ਪੰਜਾਬ ਦੇ ਮੁੱਖ ਸਕੱਤਰ ਵੱਲੋਂ ਬੱਚਿਆਂ ਨੂੰ ਆਧਾਰ ਕਾਰਡ ਨਾਲ ਬਾਇਓਮੈਟ੍ਰਿਕਸ ਅਪਡੇਟ ਕਰਨ ਦੀ ਅਪੀਲ

ਚੰਡੀਗੜ੍ਹ, 25 ਜਨਵਰੀ 2025: ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਬੀਤੇ ਦਿਨ ਪੰਜਾਬ ਸਕੱਤਰੇਤ ਵਿਖੇ ਵਿਲੱਖਣ ਪਛਾਣ ਲਾਗੂਕਰਨ ਕਮੇਟੀ (ਯੂਆਈਡੀਏਆਈ) ਵੱਲੋਂ ਕਾਰਵਾਈ ਵਰਕਸ਼ਾਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਡਾਇਰੈਕਟਰਾਂ ਨਾਲ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ | ਇਸ ਦੌਰਾਨ ਪੰਜਾਬ ਭਰ ‘ਚ 0 ਤੋਂ 5 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਆਧਾਰ (Aadhaar card) ਨਾਲ ਜੋੜਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ |

ਇਸਦੇ ਨਾਲ ਹੀ ਮੁੱਖ ਸਕੱਤਰ ਨੇ ਬੈਂਕਾਂ ਅਤੇ ਡਾਕ ਵਿਭਾਗ ਸਮੇਤ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੀਆਂ ਆਧਾਰ ਨਾਮਾਂਕਣ ਕਿੱਟਾਂ ਨੂੰ ਛੇਤੀ ਐਕਟੀਵੇਟ ਕਰਨ ਅਤੇ ਟੀਚਿਆਂ ਨੂੰ ਪ੍ਰਾਪਤ ਹਾਸਲ ਲਈ ਉਪਲਬੱਧ ਸਰੋਤਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਮੁੱਖ ਸਕੱਤਰ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਾਇਓਮੈਟ੍ਰਿਕਸ ਨੂੰ ਆਧਾਰ (Aadhaar card) ਨਾਲ ਅਪਡੇਟ ਕਰਨ |

ਇਸ ਮੌਕੇ ਡੀਡੀਜੀ ਯੂਆਈਡੀਏਆਈ ਆਰਓ, ਚੰਡੀਗੜ੍ਹ ਭਾਵਨਾ ਗਰਗ ਨੇ ਕਿਹਾ ਕਿ 0-5 ਸਾਲ ਦੀ ਉਮਰ ਸਮੂਹ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਬਿਹਤਰ ਬਣਾਉਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।

ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਟੀਕਾਕਰਨ ਕੇਂਦਰਾਂ ‘ਤੇ ਵੀ ਆਧਾਰ ਕਿੱਟਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਿਹਤ ਵਿਭਾਗ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਇਸ ਕੰਮ ਵਿੱਚ ਪੂਰਾ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਇਸ ਉਮਰ ਸਮੂਹ ਦੇ ਸਾਰੇ ਬੱਚਿਆਂ ਨੂੰ ਕਵਰ ਕੀਤਾ ਜਾ ਸਕੇ।

ਉਨ੍ਹਾਂ ਸਕੂਲ ਸਿੱਖਿਆ ਵਿਭਾਗ ਨੂੰ 5 ਅਤੇ 15 ਸਾਲ ਦੀ ਉਮਰ ਵਿੱਚ ਜ਼ਰੂਰੀ ਬਾਇਓਮੈਟ੍ਰਿਕ ਅੱਪਡੇਟ (ਐਮਬੀਯੂ) ਦੀ ਲੋੜ ਵਾਲੇ ਬੱਚਿਆਂ ਦੀ ਪਛਾਣ ਲਈ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਲਈ ਸਰਕਾਰੀ ਸਕੀਮਾਂ, ਸਕਾਲਰਸ਼ਿਪਾਂ ਅਤੇ ਹੋਰ ਵਿਦਿਅਕ ਸਹੂਲਤਾਂ/ਲਾਭਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣੇਗੀ।

ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਲਈ ਆਧਾਰ ਸੇਵਾਵਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਲਈ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਚ ਕੈਂਪ ਲਗਾਏ ਜਾਣ। ਉਨ੍ਹਾਂ ਨੇ ਵੱਖ-ਵੱਖ ਆਧਾਰ ਨਾਲ ਸਬੰਧਤ ਸੇਵਾਵਾਂ ਪ੍ਰਾਪਤ ਕਰਨ ਲਈ ਐਮ-ਆਧਾਰ ਐਪਲੀਕੇਸ਼ਨ ਅਤੇ ਮਾਈ-ਆਧਾਰ ਪੋਰਟਲ ਬਾਰੇ ਵੱਧ ਤੋਂ ਵੱਧ ਜਾਣਕਾਰੀ ਫੈਲਾਉਣ ‘ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਅੱਗੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਿੰਗ ਬਾਰੇ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਸਾਰੇ ਵਿਭਾਗਾਂ ਨੂੰ ਈ-ਸੰਪਰਕ ਕੇਂਦਰਾਂ ਅਤੇ ਹੋਰ ਦਫਤਰਾਂ ‘ਚ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੇ ਲਾਭਪਾਤਰੀਆਂ ਦੀ ਆਧਾਰ ਅਧਾਰਤ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

Read More: Chandigarh: ਕੇ.ਏ.ਪੀ. ਸਿਨਹਾ ਨੇ ਪੰਜਾਬ ਦੇ 43ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

Scroll to Top