Sibin C

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਮਈ ਬਣਾਉਣ ਵਾਸਤੇ ਚੁੱਕੇ ਕਦਮਾਂ ਦੀ ਦਿੱਤੀ ਜਾਣਕਾਰੀ

ਚੰਡੀਗੜ੍ਹ, 22 ਅਪ੍ਰੈਲ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਸ਼ੁਰੂ ਕੀਤੇ ਗਏ ਪੋਡਕਾਸਟ ਦਾ ਦੂਜਾ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ) ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ (Sibin C) ਨੇ ਲੋਕ ਸਭਾ ਚੋਣਾਂ-2024 ਵਿੱਚ ‘ਇਸ ਵਾਰ 70 ਪਾਰ ਦੇ ਟੀਚੇ’ ਨੂੰ ਪ੍ਰਾਪਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।

ਸਿਬਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ‘ਇਸ ਵਾਰ 70 ਪਾਰ’ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹਿੰਮਾਂ ਦੌਰਾਨ ਵੋਟਰਾਂ ਨੂੰ ਬਿਨਾਂ ਕਿਸੇ ਦਬਾਅ ਅਤੇ ਨਿਰਪੱਖ ਤਰੀਕੇ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਲੋਕੰਤਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਚੋਣਾਂ ਵਿੱਚ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸੋਸ਼ਲ ਮੀਡੀਆ ਉੱਤੇ ਚਲਾਈਆਂ ਜਾ ਰਹੀਆਂ ਵਿਸ਼ੇਸ਼ ਮੁਹਿੰਮਾਂ ਦਾ ਵੀ ਜ਼ਿਕਰ ਕੀਤਾ।

ਸਿਬਿਨ ਸੀ (Sibin C) ਨੇ ਪੋਡਕਾਸਟ ਵਿੱਚ ਇਸ ਵਾਰ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਦਾਇਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਬਹੁਤ ਸਪੱਸ਼ਟ ਤਰੀਕੇ ਨਾਲ ਦੱਸਿਆ ਹੈ ਅਤੇ ਵੋਟਰਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਉੱਤੇ ਵੀ ਚਾਨਣਾ ਪਾਇਆ ਹੈ। ਜ਼ਿਕਰਯੋਗ ਹੈ ਕਿ ਪੋਡਕਾਸਟ ਦੇ ਪਹਿਲੇ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਵੱਲੋਂ ਸੀ-ਵਿਜ਼ਲ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਸੀ।

Scroll to Top