ਚੰਡੀਗੜ੍ਹ, 31 ਦਸੰਬਰ 2024: ਪੰਜਾਬ ਦੇ ਮੁੱਖ ਚੋਣ ਦਫ਼ਤਰ ਨੇ 25 ਜਨਵਰੀ, 2025 ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਵੋਟਰ ਦਿਹਾੜੇ ਦੇ ਮੌਕੇ ‘ਤੇ “ਪੰਜਾਬ ਚੋਣ ਕੁਇਜ਼-2025” (Punjab Election Quiz 2025) ਨਾਮਕ ਸੂਬਾ ਪੱਧਰੀ ਕੁਇਜ਼ ਮੁਕਾਬਲਾ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਵਰਤਮਾਨ ਅਤੇ ਭਵਿੱਖ ‘ਚ ਵੋਟਰ ਵਜੋਂ ਰਜਿਸਟਰਡ ਹੋਣ ਲਈ ਸ਼ਾਮਲ ਕਰਕੇ ਚੋਣ ਪ੍ਰਕਿਰਿਆ ਅਤੇ ਚੋਣ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਇਸ ਮੁਕਾਬਲੇ ਦੀ ਮਹੱਤਤਾ ਬਾਰੇ ਕਿਹਾ ਕਿ ਇਹ ਕੁਇਜ਼ ਪੰਜਾਬ ਦੇ ਲੋਕਾਂ ‘ਚ ਚੋਣ ਪ੍ਰਕਿਰਿਆਵਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਸਮਾਗਮ ‘ਚ ਮੀਡੀਆ ਅਤੇ ਵਿਦਿਅਕ ਅਦਾਰਿਆਂ ਸਮੇਤ ਵੱਖ-ਵੱਖ ਭਾਈਚਾਰਿਆਂ ਨੂੰ ਸ਼ਾਮਲ ਕਰਕੇ ਵੋਟਿੰਗ ਜਾਗਰੂਕਤਾ ਅਤੇ ਜ਼ਿੰਮੇਵਾਰ ਵੋਟਿੰਗ ਦਾ ਇੱਕ ਜੀਵੰਤ ਸੱਭਿਆਚਾਰ ਪੈਦਾ ਕਰਨਾ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਪੰਜਾਬ ਚੋਣ ਕੁਇਜ਼-2025 ਦੋ ਪੜਾਵਾਂ ‘ਚ ਕਰਵਾਈ ਜਾਵੇਗੀ ਅਤੇ ਪਹਿਲੇ ਪੜਾਅ ‘ਚ ਜ਼ਿਲ੍ਹਾ ਪੱਧਰੀ ਜੇਤੂਆਂ ਦੀ ਚੋਣ ਕਰਨ ਲਈ ਇੱਕ ਔਨਲਾਈਨ ਕੁਇਜ਼ ਮੁਕਾਬਲਾ ਹੋਵੇਗਾ, ਜਿਸ ਤੋਂ ਬਾਅਦ ਦੂਜੇ ਪੜਾਅ ‘ਚ ਲੁਧਿਆਣਾ ਵਿਖੇ 24 ਜਨਵਰੀ, 2025 ਨੂੰ ਔਫਲਾਈਨ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ।
ਇਸ ਦੌਰਾਨ 23 ਜ਼ਿਲ੍ਹਾ ਪੱਧਰੀ ਜੇਤੂ ਚੋਟੀ ਦੇ ਸਨਮਾਨਾਂ ਲਈ ਮੁਕਾਬਲਾ ਕਰਨਗੇ। ਇਹ ਸਮਾਗਮ 25 ਜਨਵਰੀ, 2025 ਨੂੰ ਲੁਧਿਆਣਾ ਵਿਖੇ ਕੌਮੀ ਵੋਟਰ ਦਿਹਾੜੇ ਮਨਾਉਣ ਲਈ ਹੋਣ ਵਾਲੇ ਮੁੱਖ ਸਮਾਗਮ ਤੋਂ ਪਹਿਲਾਂ ਯੋਗ ਮਾਹੌਲ ਸਿਰਜੇਗਾ। ਹਿੱਸਾ ਲੈਣ ਦੇ ਚਾਹਵਾਨ ਰਜਿਸਟ੍ਰੇਸ਼ਨ ਅਤੇ ਹੋਰ ਵੇਰਵਿਆਂ ਲਈ https://punjab.indiastatquiz.com/ ‘ਤੇ ਲਾਗਇਨ ਕਰ ਸਕਦੇ ਹਨ।
ਇਸ ਮੁਕਾਬਲੇ (Punjab Election Quiz 2025) ਪ੍ਰਤੀ ਉਤਸ਼ਾਹ ਵਧਾਉਣ ਲਈ ਸੂਬਾ ਪੱਧਰੀ ਜੇਤੂਆਂ ਨੂੰ ਲੈਪਟਾਪ, ਟੈਬਲੇਟ ਅਤੇ ਸਮਾਰਟ ਵਾਚ ਵਰਗੇ ਆਕਰਸ਼ਕ ਇਨਾਮ ਦਿੱਤੇ ਜਾਣਗੇ ਅਤੇ ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਸਮਾਰਟਫ਼ੋਨ ਜਿੱਤਣ ਦਾ ਮੌਕਾ ਮਿਲੇਗਾ। ਇਸ ਇਨਾਮ ਨੂੰ ਵੰਡਣ ਦਾ ਮਕਸਦ ਇਸ ਮੁਕਾਬਲੇ ‘ਚ ਵੱਧ ਤੋਂ ਵੱਧ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਤੀਯੋਗੀਆਂ ਦੇ ਗਿਆਨ ਅਤੇ ਉਤਸ਼ਾਹ ਨੂੰ ਪਛਾਣਨਾ ਹੈ।
ਇਸ ਮੁਕਾਬਲੇ ਸੰਬੰਧੀ ਆਨਲਾਈਨ ਰਜਿਸਟ੍ਰੇਸ਼ਨ 28 ਦਸੰਬਰ 2024 ਤੋਂ ਸ਼ੁਰੂ ਹੋ ਗਈ ਸੀ ਅਤੇ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਇੱਛੁਕ ਉਮੀਦਵਾਰ 17 ਜਨਵਰੀ 2025 ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਆਨਲਾਈਨ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਅਤੇ ਆਫਲਾਈਨ ਸੂਬਾ ਪੱਧਰੀ ਫਾਈਨਲ ਕੁਇਜ਼ ਮੁਕਾਬਲਾ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਇਹ ਸਮਾਗਮ ਡੈਟਾਨੇਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਰਾਸ਼ਟਰੀ ਵੋਟਰ ਦਿਵਸ, 2025 ਦੇ ਮੌਕੇ ‘ਤੇ ਕਰਵਾਇਆ ਜਾ ਰਿਹਾ ਇਹ ਕੁਇਜ਼ ਮੁਕਾਬਲਾ ਨਾਗਰਿਕਾਂ ਅਤੇ ਵਿਦਿਆਰਥੀਆਂ ‘ਚ ਜਾਗਰੂਕਤਾ ਪੈਦਾ ਕਰਕੇ ਲੋਕਤੰਤਰ ਅਤੇ ਭਾਗੀਦਾਰਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਢੁੱਕਵਾਂ ਮੰਚ ਪ੍ਰਦਾਨ ਕਰੇਗਾ।
Read More: New Year 2025: ਸਭ ਤੋਂ ਪਹਿਲਾਂ ਤੇ ਅਖ਼ੀਰ ‘ਚ ਕਿਹੜਾ ਦੇਸ਼ ਮਨਾਉਂਦਾ ਹੈ ਨਵਾਂ ਸਾਲ ?