ਚੰਡੀਗੜ੍ਹ, 3 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਇਕ ਵੱਡਾ ਲੋਕ-ਪੱਖੀ ਫੈਸਲਾ ਲੈਂਦਿਆਂ ਮਾਈਨਿੰਗ (Mining) ਖੱਡ ਤੋਂ ਰੇਤੇ ਤੇ ਬੱਜਰੀ ਦੀਆਂ ਦਰਾਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕਰ ਦਿੱਤੀਆਂ। ਇਸ ਫੈਸਲੇ ਨਾਲ ਮਕਾਨ ਬਣਾਉਣ ਵਾਲੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਗਸਤ 2022 ਵਿੱਚ ਮਾਈਨਿੰਗ ਖੱਡ ਤੋਂ ਰੇਤੇ ਤੇ ਬੱਜਰੀ ਦਾ ਭਾਅ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਸੀ, ਜਿਸ ਵਿੱਚ ਲੋਡਿੰਗ ਦੇ ਖ਼ਰਚੇ ਸ਼ਾਮਲ ਸਨ। ਹਾਲੀਆ ਸਮੇਂ ਦੌਰਾਨ ਰੇਤੇ ਤੇ ਬੱਜਰੀ ਦੀ ਮੰਗ ਤੇ ਸਪਲਾਈ ਵਿੱਚ ਵੱਡਾ ਪਾੜਾ ਆ ਗਿਆ, ਜਿਸ ਦੇ ਨਤੀਜੇ ਵਜੋਂ ਭਾਅ ਬਹੁਤ ਵੱਧ ਗਿਆ। ਮੰਤਰੀ ਮੰਡਲ ਨੇ ਸੂਬੇ ਵਿੱਚ ਰੇਤੇ ਦੀ ਸਥਾਨਕ ਪੱਧਰ ਉਤੇ ਉਪਲਬਧਤਾ ਵਧਾਉਣ ਲਈ ਟੈਂਡਰਾਂ ਦੀ ਸਮੀਖਿਆ ਦਾ ਅਧਿਕਾਰ ਵੀ ਡਾਇਰੈਕਟਰ ਨੂੰ ਦੇ ਦਿੱਤਾ, ਜਦੋਂ ਕਿ ਪਹਿਲਾਂ ਕੁੱਝ ਹਾਲਾਤ ਕਾਰਨ ਇਹ ਅਧਿਕਾਰ ਖ਼ਾਰਜ ਕੀਤਾ ਗਿਆ ਸੀ।
ਇਹ ਇਕਰਾਰਨਾਮੇ ਅਸਲ ਵਿੱਚ ਸਿਰਫ਼ ਫਰਵਰੀ-ਮਾਰਚ 2023 ਤੱਕ ਪ੍ਰਮਾਣਿਕ ਸਨ ਅਤੇ ਇਸ ਤਰ੍ਹਾਂ ਇਨ੍ਹਾਂ ਨੂੰ ਸਿਰਫ਼ ਦੋ ਮਹੀਨਿਆਂ ਲਈ ਬਹਾਲ ਕੀਤਾ ਜਾ ਸਕਦਾ ਹੈ, ਜਿਸ ਦੌਰਾਨ ਰੇਤੇ ਦੀ ਸਪਲਾਈ ਵਧੇਗੀ ਅਤੇ ਇਸ ਨਾਲ ਹੀ ਵਿਭਾਗ ਨਵੀਂ ਟੈਂਡਰਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।
ਮੰਤਰੀ ਮੰਡਲ ਨੇ ਅੱਜ ਰੇਤੇ ਅਤੇ ਬੱਜਰੀ ਦੇ ਉਨ੍ਹਾਂ ਟਰਾਂਸਪੋਰਟਰਾਂ ਤੋਂ ਵਸੂਲੀ ਜਾਣ ਵਾਲੀ ਰਾਇਲਟੀ ਅਤੇ ਜੁਰਮਾਨੇ ਦੀ ਰਕਮ ਵਿੱਚ ਵਾਧਾ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਚੈਕਿੰਗ ਸਮੇਂ ਕੋਈ ਵੀ ਸਬੰਧਤ ਦਸਤਾਵੇਜ਼ ਪੇਸ਼ ਕਰਨ ਤੋਂ ਅਸਮਰੱਥ ਹਨ। ਫਿਲਹਾਲ ਇਨ੍ਹਾਂ ਟਰਾਂਸਪੋਰਟਰਾਂ ਤੋਂ 3.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਵਸੂਲੇ ਜਾ ਰਹੇ ਹਨ।
ਮੰਤਰੀ ਮੰਡਲ ਨੇ ਇਹ ਵੀ ਮਨਜ਼ੂਰ ਕਰ ਦਿੱਤਾ ਕਿ ਇਹ ਦਰ ਮਾਈਨਿੰਗ (Mining) ਖੱਡ ਤੋਂ ਰੇਤੇ ਤੇ ਬੱਜਰੀ ਦੀ ਵਿਕਰੀ ਨਿਰਧਾਰਤ ਰੇਤ ਤੋਂ ਘੱਟ ਨਹੀਂ ਹੋਵੇਗੀ। ਰੇਤੇ ਤੇ ਬੱਜਰੀ ਦੀ ਮਾਈਨਿੰਗ ਖੱਡ ਤੋਂ ਕੀਮਤ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤੀ ਗਈ ਹੈ, ਜਿਸ ਕਾਰਨ ਅਜਿਹੇ ਟਰਾਂਸਪੋਰਟਰਾਂ ਤੋਂ ਹੁਣ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਵੱਧ ਦਰ ਵਸੂਲੀ ਜਾਵੇਗੀ। ਇਸ ਨਾਲ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਤੇ ਬੱਜਰੀ ਦੀ ਸਪਲਾਈ ਯਕੀਨੀ ਬਣੇਗੀ।