ਸ੍ਰੀ ਗੁਰੂ ਤੇਗ ਬਹਾਦਰ ਜੀ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮਾਂ ਲਈ ਪ੍ਰਬੰਧ ਛੇਤੀ ਮੁਕੰਮਲ ਕਰਨ ਦੇ ਹੁਕਮ

ਅੰਮ੍ਰਿਤਸਰ /ਗੁਰਦਾਸਪੁਰ, 11 ਅਕਤੂਬਰ 2025: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਪੰਜਾਬ ਕੈਬਨਿਟ ਮੰਤਰੀਆਂ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ ਸੁਚਾਰੂ ਪ੍ਰਬੰਧਾਂ ਅਤੇ ਢਾਂਚੇ ਦੇ ਵਿਕਾਸ ਕਾਰਜਾਂ ਦੀ ਸਮੇਂ-ਸਿਰ ਪੂਰਾ ਕਰਨ ਲਈ ਕਿਹਾ ਹੈ |

ਜਿਕਰਯੋਗ ਹੈ ਕਿ ਹਰਜੋਤ ਸਿੰਘ ਬੈਂਸ ਨੇ PWD ਮੰਤਰੀ ਹਰਭਜਨ ਸਿੰਘ ਈ.ਟੀ.ਓ., ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਟੂਰਿਜ਼ਮ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਵੱਖ-ਵੱਖ ਬੈਠਕਾਂ ਦੌਰਾਨ ਤਿਆਰੀਆਂ ਦੀ ਸਮੀਖਿਆ ਕੀਤੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਟੱਲ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਯਾਲਾ ਜੀ ਦੀ ਅਦੁੱਤੀ ਸ਼ਹੀਦੀ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਤਿਆਰੀਆਂ ਕੀਤੀਆਂ ਜਾ ਰਹੀ ਹੈ।

ਹਰਜੋਤ ਸਿੰਘ ਬੈਂਸ ਨੇ ਦੋਵੇਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਹੋਰ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਸਫਾਈ, ਰੋਸ਼ਨੀ, ਸੰਗਤ ਦੀ ਠਹਿਰ, ਟਰੈਫਿਕ ਅਤੇ ਸੁਰੱਖਿਆ ਨਾਲ ਸਬੰਧਤ ਸਾਰੇ ਪ੍ਰਬੰਧ ਸਮੇਂ ਤੋਂ ਪਹਿਲਾਂ ਪੂਰੇ ਕਰਨ ਲਈ ਕਿਹਾ ਹੈ।

ਉਨ੍ਹਾਂ ਦੱਸਿਆ ਕਿ ਚਾਰ ਵੱਡੇ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੁਰੂ ਹੋਣਗੇ ਅਤੇ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਣਗੇ। ਪਹਿਲਾ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋ ਕੇ ਜੰਮੂ, ਪਠਾਨਕੋਟ ਤੇ ਹੁਸ਼ਿਆਰਪੁਰ ਰਾਹੀਂ ਲੰਘੇਗਾ।ਦੂਜਾ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਬਟਾਲਾ, ਬਾਬਾ ਬਕਾਲਾ ਤੇ ਅੰਮ੍ਰਿਤਸਰ ਰਾਹੀ, ਤੀਜਾ ਫਰੀਦਕੋਟ ਤੋਂ ਫਿਰੋਜ਼ਪੁਰ, ਲੁਧਿਆਣਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਰਾਹੀਂ, ਅਤੇ ਚੌਥਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬਠਿੰਡਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਰਾਹੀਂ ਲੰਘੇਗਾ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਵਿਖੇ ਕੀਰਤਨ ਦਰਬਾਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਕੀਤੇ ਜਾਣਗੇ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸ਼ਹੀਦੀ ਨੂੰ ਪ੍ਰਗਟ ਕਰਨਗੇ। ਇਸ ਤਰ੍ਹਾਂ ਦੇ ਸ਼ੋਅ 1 ਨਵੰਬਰ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਕੀਤੇ ਜਾਣਗੇ।

ਹਰਜੋਤ ਬੈਂਸ ਨੇ ਦੱਸਿਆ ਕਿ ਮੁੱਖ ਸਮਾਗਮ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ, ਇਸ ਦੌਰਾਨ 1 ਕਰੋੜ ਤੋਂ ਵੱਧ ਸੰਗਤ ਦੇ ਪਹੁੰਚਣ ਦੀ ਉਮੀਦ ਹੈ। “ਚੱਕ ਨਾਨਕੀ” ਨਾਮਕ ਟੈਂਟ ਸਿਟੀ ‘ਚ ਹਰ ਰੋਜ਼ 11,000 ਤੋਂ ਵੱਧ ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਹੋਵੇਗਾ। ਤਿੰਨ ਦਿਨਾਂ ਦੇ ਸਮਾਗਮਾਂ ‘ਚ ਅਖੰਡ ਪਾਠ ਸਾਹਿਬ, ਸਰਬ ਧਰਮ ਸੰਮੇਲਨ, ਵਿਰਾਸਤ-ਏ-ਖਾਲਸਾ ਪ੍ਰਦਰਸ਼ਨੀ, ਗੁਰੂ ਜੀ ਦੇ ਜੀਵਨ ਉੱਤੇ ਡਰੋਨ ਸ਼ੋਅ ਅਤੇ “ਸ਼ਹਾਦਤ ਦੀ ਲੋਅ” ਸਮੇਤ ਕਈ ਕਾਰਜ ਸ਼ਾਮਲ ਹੋਣਗੇ। ਨੌਵੇਂ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਨ ਲਈ ਭਾਈ ਜੈਤਾ ਜੀ ਸਮਾਰਕ ਵਿਖੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਇਤਿਹਾਸਕ ਵਿਸ਼ੇਸ਼ ਸੈਸ਼ਨ ਵੀ ਕੀਤਾ ਜਾਵੇਗਾ।

Read More: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ‘ਤੇ ਮਨਾਏਗੀ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ

Scroll to Top