ਚੰਡੀਗੜ੍ਹ, 22 ਦਸੰਬਰ 2025: ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਇਜ਼ਰਾਈਲ ਦੇ ਮੰਤਰੀ ਅਤੇ ਇਜ਼ਰਾਇਲੀ ਦੂਤਾਵਾਸ ਵਿਖੇ ਮਿਸ਼ਨ ਡਿਪਟੀ ਹੈੱਡ ਫਾਰੇਸ ਸਾਏਬ ਨਾਲ ਮੁਲਾਕਾਤ ਕੀਤੀ ਹੈ।
ਪੰਜਾਬ ਸਰਕਾਰ ਮੁਤਾਬਕ ਇਸ ਬੈਠਕ ਦੌਰਾਨ ਪਾਣੀ ਦੀ ਸੰਭਾਲ ਅਤੇ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਵਾਲੇ ਖੇਤਰਾਂ ਖ਼ਾਸਕਰ ਸੂਬੇ ਦੇ ਸ਼ਹਿਰੀ ਖੇਤਰਾਂ ‘ਚ ਵਰਤੋਂ ਲਈ ਉੱਨਤ ਇਜ਼ਰਾਈਲੀ ਤਕਨੀਕਾਂ ਨੂੰ ਅਪਣਾਉਣ ‘ਤੇ ਚਰਚਾ ਕੀਤੀ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਅਤੇ ਨਾਗਰਿਕ ਸੇਵਾਵਾਂ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਟਿਕਾਊ ਪਾਣੀ ਪ੍ਰਬੰਧਨ ਅਤੇ ਸੋਧੇ ਹੋਏ ਗੰਦੇ ਪਾਣੀ ਦੀ ਕੁਸ਼ਲ ਢੰਗ ਨਾਲ ਮੁੜ ਵਰਤੋਂ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ।
ਇਸ ਮੌਕੇ ਫਾਰੇਸ ਸਾਏਬ ਨੇ ਪਾਣੀ ਦੀ ਕੁਸ਼ਲਤਾ, ਟਰੀਟਡ ਸੀਵਰੇਜ ਦੀ ਮੁੜ ਵਰਤੋਂ ਅਤੇ ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚੇ ਦੇ ਹੱਲਾਂ ‘ਚ ਇਜ਼ਰਾਈਲ ਦੇ ਵਿਸ਼ਵ-ਪੱਧਰੀ ਮਾਨਤਾ ਪ੍ਰਾਪਤ ਅਭਿਆਸਾਂ ਬਾਰੇ ਵਿਚਾਰ ਸਾਂਝੇ ਕੀਤੇ। ਦੋਵਾਂ ਧਿਰਾਂ ਨੇ ਪੰਜਾਬ ਦੇ ਸ਼ਹਿਰਾਂ ‘ਚ ਅਜਿਹੀਆਂ ਤਕਨੀਕਾਂ ਦੇ ਵਿਹਾਰਕ ਲਾਗੂਕਰਨ ਦੀ ਪੜਚੋਲ ਕਰਨ ਲਈ ਸੰਭਾਵੀ ਤਕਨੀਕੀ ਸਹਿਯੋਗ, ਸੂਚਨਾ ਦਾ ਅਦਾਨ-ਪ੍ਰਦਾਨ ਕਰਨ ਸਣੇ ਭਵਿੱਖੀ ਸ਼ਮੂਲੀਅਤ ’ਤੇ ਵਿਚਾਰ-ਚਰਚਾ ਕੀਤੀ।
ਸਾਏਬ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਇਨ੍ਹਾਂ ਤਕਨਾਲੋਜੀਆਂ ਨੂੰ ਨੇੜਿਉਂ ਦੇਖਣ ਅਤੇ ਡੂੰਘੇ ਸਹਿਯੋਗ ਲਈ ਇਜ਼ਰਾਈਲ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ। ਇਸ ਤੋਂ ਇਲਾਵਾ ਸੁਹਿਰਦ ਅਤੇ ਉਸਾਰੂ ਮਾਹੌਲ ‘ਚ ਆਪਸੀ ਸਮਝ-ਬੂਝ ਅਤੇ ਸਹਿਯੋਗ ਦੇ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ । ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਰੋਸਾ ਦਿੱਤਾ ਕਿ ਇਜ਼ਰਾਈਲ ਦੀਆਂ ਤਕਨੀਕਾਂ ਨੂੰ ਸੂਬੇ ਦੇ ਵਿਕਾਸ ਲਈ ਅਪਨਾਉਣ ਲਈ ਉਹ ਛੇਤੀ ਹੀ ਇਜ਼ਰਾਈਲ ਦਾ ਦੌਰਾ ਕਰਨਗੇ।
Read More: ਚੰਡੀਗੜ੍ਹ ‘ਚ ਸੜਕ ਹਾਦਸਿਆਂ ‘ਤੇ DC ਵੱਲੋਂ ਅਹਿਮ ਬੈਠਕ, ‘ਜ਼ੀਰੋ ਫੈਟੈਲਿਟੀ ਡਿਸਟ੍ਰਿਕਟ’ ਯੋਜਨਾ ਲਾਗੂ




