Artificial Intelligence

ਪੰਜਾਬ ਵਜ਼ਾਰਤ ਵੱਲੋਂ ਸ਼ਾਸਨ ‘ਚ ਹੋਰ ਸੁਧਾਰ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨੂੰ ਹਰੀ ਝੰਡੀ

ਚੰਡੀਗੜ੍ਹ, 11 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਜ਼ਾਰਤ ਨੇ ਸੂਬੇ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਾਈ | ਇਸਦੇ ਨਾਲ ਹੀ ਵਜ਼ਾਰਤ ਨੇ ਸੂਬੇ ਵਿੱਚ ਸ਼ਾਸਨ ਵਿੱਚ ਹੋਰ ਸੁਧਾਰ ਲਈ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਦੀ ਵਰਤੋਂ ਦੀ ਵੀ ਸਹਿਮਤੀ ਦੇ ਦਿੱਤੀ। ਇਸ ਫੈਸਲੇ ਦਾ ਮੰਤਵ ਸ਼ਾਸਨ ਵਿੱਚ ਏ.ਆਈ. ਦੀ ਵਰਤੋਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣਾ ਅਤੇ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਨਾ ਹੈ। ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਘਟਾਉਣ, ਟੈਕਸ ਚੋਰੀ ਰੋਕਣ, ਸਿਹਤ ਸੇਵਾਵਾਂ ਵਿੱਚ ਸੁਧਾਰ, ਲੋਕਾਂ ਦੇ ਮਸਲਿਆਂ ਦੇ ਵੱਧ ਪ੍ਰਭਾਵੀ ਢੰਗ ਨਾਲ ਹੱਲ ਤੇ ਹੋਰ ਕੰਮਾਂ ਵਿੱਚ ਏ.ਆਈ. ਮਦਦਗਾਰ ਸਾਬਤ ਹੋ ਸਕਦੀ ਹੈ।

ਇਸ ਸਬੰਧੀ ਪੰਜਾਬ ਰਾਜ ਗਵਰਨੈਂਸ ਸੁਸਾਇਟੀ (ਪੀ.ਈ.ਜੀ.ਐਸ.) ਵਿੱਚ ਨਵੀਆਂ ਤਕਨੀਕਾਂ (ਇਮਰਜਿੰਗ ਤਕਨਾਲੋਜੀ) ਬਾਰੇ ਇਕ ਸੈਂਟਰ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ ਅਤੇ ਏ.ਆਈ. ਤੇ ਮਸ਼ੀਨ ਲਰਨਿੰਗ (ਐਮ.ਐਲ.) ਦੇ ਲਾਭਾਂ ਦਾ ਪੂਰਾ ਫਾਇਦਾ ਲੈਣ ਲਈ ਵਿਭਾਗ ਦੇ ਸਹਿਯੋਗ ਵਾਸਤੇ ਇਕ ਗ਼ੈਰ ਸਰਕਾਰੀ ਸੰਗਠਨ (ਐਨ.ਜੀ.ਓ.) ਨਾਲ ਸਮਝੌਤਾ ਕਲਮਬੱਧ ਕੀਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਏ.ਆਈ. ਉਤੇ ਵਧੇਰੇ ਧਿਆਨ ਦੇ ਕੇ ਨਵੀਆਂ ਤਕਨਾਲੋਜੀ ਲਈ ਬਣੇ ਇਸ ਸੈਂਟਰ ਨੂੰ ਮਜ਼ਬੂਤ ਕਰਨ ਉਤੇ ਧਿਆਨ ਦਿੱਤਾ ਜਾਵੇਗਾ ਅਤੇ ਇਸ ਮੰਤਵ ਲਈ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ.ਐਮ.ਯੂ.) ਦਾ ਵੀ ਗਠਨ ਕੀਤਾ ਜਾਵੇਗਾ। ਸਬੰਧਤ ਵਿਭਾਗਾਂ ਦੇ ਕੇਸਾਂ ਦੀ ਨਿਸ਼ਾਨਦੇਹੀ ਤੇ ਵੰਡ ਨੂੰ ਲਾਗੂ ਕਰਨ ਲਈ ਪੀ.ਐਮ.ਯੂ. ਵੱਲੋਂ ਇਮਰਜਿੰਗ ਤਕਨਾਲੋਜੀ ਲਈ ਬਣੇ ਇਸ ਸੈਂਟਰ ਦੀ ਮੱਦਦ ਕੀਤੀ ਜਾਵੇਗੀ।

Scroll to Top